ਕਪੂਰਥਲਾ | ਸ਼ਹਿਰ ‘ਚ ਬੀਤੀ ਰਾਤ 2 ਵਾਹਨ ਬੇਕਾਬੂ ਹੋ ਕੇ ਵੱਖ-ਵੱਖ ਥਾਵਾਂ ‘ਤੇ ਹਾਦਸਾ ਗ੍ਰਸਤ ਹੋ ਗਏ । ਟੱਕਰ ਤੋਂ ਬਾਅਦ ਏਅਰ ਬੈਗ ਖੁੱਲ੍ਹਣ ਨਾਲ ਡਰਾਈਵਰ ਅਤੇ ਹੋਰ ਸਵਾਰੀਆਂ ਦਾ ਬਚਾਅ ਹੋ ਗਿਆ। ਇਨ੍ਹਾਂ ਵਿੱਚ ਡਰਾਈਵਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਦੋਵਾਂ ਕਾਰਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਕਰੀਬ 12.30 ਵਜੇ ਇੱਕ ਐਂਡੀਵਰ ਗੱਡੀ (ਪੀ.ਬੀ.11ਏਐਲ 9639) ਬੇਕਾਬੂ ਹੋ ਕੇ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਇੱਕ ਬੰਦ ਮਨੀ ਐਕਸਚੇਂਜ ਦੀ ਦੁਕਾਨ ਦੇ ਸ਼ਟਰ ਵਿੱਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਂਡੇਵਰ ਗੱਡੀ ਦੇ ਏਅਰ ਬੈਗ ਖੁੱਲ੍ਹ ਗਏ। ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਦੁਕਾਨ ਦਾ ਸ਼ਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਦੂਜੇ ਪਾਸੇ ਭਗਤ ਸਿੰਘ ਚੌਕ ਨੇੜੇ ਸ਼ਿਵ ਮੰਦਰ ਚੌਕ ਸਥਿਤ ਨਿਊ ਖਾਲਸਾ ਬੇਕਰੀ ਦੇ ਬਾਹਰ ਇਕ ਕਾਰ (ਜੇ.ਕੇ.02 ਸੀ.ਸੀ.4841) ਬੇਕਾਬੂ ਹੋ ਕੇ ਦੁਕਾਨ ਦੇ ਬਾਹਰ ਖੜ੍ਹੇ ਛੋਟੇ ਹਾਥੀ ਨਾਲ ਜਾ ਟਕਰਾਈ। ਉਕਤ ਗੱਡੀ ਦਾ ਡਰਾਈਵਰ ਕਪੂਰਥਲਾ ਸਥਿਤ ਆਪਣੇ ਜਾਣਕਾਰ ਦੇ ਘਰ ਜਾ ਰਿਹਾ ਸੀ ਪਰ ਅਚਾਨਕ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਗੱਡੀ ਦਾ ਅਗਲਾ ਹਿੱਸਾ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਗੱਡੀ ਵਿੱਚ ਸਵਾਰ ਲੋਕਾਂ ਦਾ ਬਚਾਅ ਹੋ ਗਿਆ। ਇਸ ਹਾਦਸੇ ਵਿੱਚ ਦੁਕਾਨ ਦੇ ਬਾਹਰ ਖੜ੍ਹਾ ਛੋਟਾ ਹਾਥੀ ਪਲਟ ਗਿਆ।