ਹੜ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਡਾ. ਬੀ. ਆਰ. ਅੰਬੇਦਕਰ ਕਲੱਬ (ਯੂ.ਐਸ.ਏ.) ਅਮਰੀਕਾ ਫਿਲੌਰ,ਡਾ. ਬੀ. ਆਰ. ਅੰਬੇਦਕਰ ਸੈਨਾ ਪੰਜਾਬ ਅਤੇ ਸ. ਹਰਵਿੰਦਰ ਸਿੰਘ ਵਿਰਕ ਐੱਸ.ਐੱਸ.ਪੀ ਜਲੰਧਰ ਦਿਹਾਤੀ ਪੁਲਿਸ ਦੀ ਸਾਂਝੀ ਪਹੁੰਚ

0
242

ਜਲੰਧਰ, 08-09-2025। ਜਲੰਧਰ ਦਿਹਾਤੀ ਪੁਲਿਸ ਵੱਲੋਂ ਹੜ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਚਲਾਈ ਜਾ ਰਹੀ ਮੁਹਿੰਮ ਲਗਾਤਾਰ ਜਾਰੀ ਹੈ। ਇਸ ਮੌਕੇ ਸ. ਹਰਵਿੰਦਰ ਸਿੰਘ ਵਿਰਕ ਐੱਸ.ਐੱਸ.ਪੀ ਜਲੰਧਰ ਦਿਹਾਤੀ ਨੇ ਖੁਦ ਮੌਕੇ ‘ਤੇ ਪਹੁੰਚ ਕੇ ਲੋਕਾਂ ਦੇ ਦੁੱਖ-ਦਰਦ ਸੁਣੇ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਿਲ੍ਹਾ ਪੁਲਿਸ ਵੱਲੋਂ ਹਰੇਕ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੇ ਨਾਲ ਸ. ਸਰਬਜੀਤ ਰਾਏ ਐਸ.ਪੀ (ਇਨਵੈਸਟੀਗੇਸ਼ਨ) ਅਤੇ ਉਪ ਪੁਲਿਸ ਕਪਤਾਨ ਓਂਕਾਰ ਸਿੰਘ ਬਰਾੜ (ਸਬ ਡਿਵੀਜ਼ਨ ਸ਼ਾਹਕੋਟ) ਸਮੇਤ ਹੋਰ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

ਇਸ ਦੌਰਾਨ ਡਾ. ਬੀ. ਆਰ. ਅੰਬੇਦਕਰ ਕਲੱਬ (ਯੂ.ਐਸ.ਏ.) ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੜ ਪੀੜਤ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ, ਪੀਣ ਵਾਲੇ ਪਾਣੀ ਦੇ ਪੈਕੇਟ ਅਤੇ ਐਲ.ਈ.ਡੀ. ਲਾਈਟਾਂ ਵੰਡੀਆਂ ਗਈਆਂ। ਐਲ.ਈ.ਡੀ. ਲਾਈਟਾਂ ਦੀ ਵੰਡ ਨਾਲ ਰਾਤ ਸਮੇਂ ਹੜ ਪੀੜਤ ਇਲਾਕਿਆਂ ਵਿੱਚ ਲੋਕਾਂ ਨੂੰ ਰੋਸ਼ਨੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਸ. ਹਰਵਿੰਦਰ ਸਿੰਘ ਵਿਰਕ ਨੇ ਇਸ ਮੌਕੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਸਿਰਫ ਕਾਨੂੰਨ-ਵਿਵਸਥਾ ਦੀ ਜ਼ਿੰਮੇਵਾਰੀ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਹਰ ਕਿਸੇ ਆਫਤ ਦੀ ਘੜੀ ਵਿੱਚ ਲੋਕਾਂ ਨਾਲ ਖੜ੍ਹ ਕੇ ਉਨ੍ਹਾਂ ਦੀ ਸਹਾਇਤਾ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਹੜ ਨਾਲ ਪ੍ਰਭਾਵਿਤ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਅਕੇਲਾ ਮਹਿਸੂਸ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਹਰ ਸੰਭਵ ਸਹਾਇਤਾ ਲਗਾਤਾਰ ਪਹੁੰਚਾਈ ਜਾ ਰਹੀ ਹੈ।

ਇਸ ਮੌਕੇ ਉਨ੍ਹਾਂ ਨੇ ਡਾ. ਬੀ.ਆਰ. ਅੰਬੇਦਕਰ ਕਲੱਬ (ਯੂ.ਐਸ.ਏ.) ਦੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਹੜ ਪੀੜਤਾਂ ਦੀ ਸਹਾਇਤਾ ਵਿੱਚ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਇਹ ਸਾਂਝੀ ਕੋਸ਼ਿਸ਼ ਹੜ ਪੀੜਤ ਪਰਿਵਾਰਾਂ ਦੇ ਜ਼ਖਮਾਂ ‘ਤੇ ਮਲਹਮ ਲਗਾਉਣ ਦਾ ਕੰਮ ਕਰੇਗੀ।

ਪਿੰਡਾਂ ਦੇ ਵਾਸੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਾਇਤਾ ਨਾਲ ਉਨ੍ਹਾਂ ਦੇ ਹੌਸਲੇ ਬੁਲੰਦ ਹੋਏ ਹਨ ਅਤੇ ਉਹ ਮੁੜ ਆਪਣੇ ਘਰ-ਪਰਿਵਾਰ ਨੂੰ ਸੰਭਾਲਣ ਲਈ ਤਿਆਰ ਹੋ ਰਹੇ ਹਨ।