ਜਲੰਧਰ : ਕਾਰ ‘ਤੇ ਲਾਲ ਤੇ ਨੀਲੀ ਬੱਤੀ ਲਾ ਕੇ ਘੁੰਮ ਰਿਹਾ ਨੌਜਵਾਨ ਕਾਬੂ

0
669

ਜਲੰਧਰ | ਥਾਣਾ ਨੰਬਰ 6 ਦੀ ਪੁਲਸ ਨੇ ਵਾਹਨਾਂ ‘ਤੇ ਲਾਲ ਅਤੇ ਨੀਲੇ ਰੰਗ ਦੀਆਂ ਬੱਤੀਆਂ ਲਗਾ ਕੇ ਘੁੰਮ ਰਹੇ ਨੌਜਵਾਨਾਂ ਖਿਲਾਫ ਕਾਰਵਾਈ ਕਰਦੇ ਹੋਏ ਵਾਹਨ ਨੂੰ ਜ਼ਬਤ ਕਰ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਏ.ਸੀ.ਪੀ. ਰਣਧੀਰ ਨੇ ਦੱਸਿਆ ਕਿ ਮਾਤਾ ਰਾਣੀ ਚੌਕ ਨੇੜੇ ਇਕ ਨੌਜਵਾਨ ਲਾਲ ਤੇ ਨੀਲੀ ਬੱਤੀ ਲਗਾ ਕੇ ਘੁੰਮ ਰਿਹਾ ਸੀ।

ਇਸ ’ਤੇ ਜਦੋਂ ਪੁਲਿਸ ਨੇ ਕਾਰਵਾਈ ਕਰਨੀ ਚਾਹੀ ਤਾਂ ਨੌਜਵਾਨ ਨੇ ਦੱਸਿਆ ਕਿ ਗੱਡੀ ਜੱਜ ਦੀ ਹੈ। ਇਸ ਦੌਰਾਨ ਜਦੋਂ ਪੁਲਿਸ ਨੇ ਚੈਕਿੰਗ ਕੀਤੀ ਤਾਂ ਗੱਡੀ ਕਿਸੇ ਜੱਜ ਦੀ ਨਹੀਂ ਸੀ। ਉਕਤ ਨੌਜਵਾਨ ਕੋਲ ਲਾਇਸੈਂਸ ਵੀ ਮੌਜੂਦ ਨਹੀਂ ਸੀ ਅਤੇ ਨਾ ਹੀ ਮੌਕੇ ‘ਤੇ ਆਰ.ਸੀ. ਮਿਲੀ। ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬੁਲੰਦਪੁਰ ਨੂਰਪੁਰ ਵਜੋਂ ਹੋਈ ਹੈ।

ਹਰਪ੍ਰੀਤ ਦੀ ਕਾਲੇ ਰੰਗ ਦੀ ਗੱਡੀ ਨੂੰ ਕੰਪਾਊਂਡ ਕਰ ਲਿਆ ਗਿਆ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਏ.ਸੀ.ਪੀ. ਰਣਧੀਰ ਨੇ ਗੱਡੀ ’ਤੇ ਲਾਲ ਅਤੇ ਨੀਲੇ ਰੰਗ ਦੀਆਂ ਬੱਤੀਆਂ ਲਗਾ ਕੇ ਘੁੰਮ ਰਹੇ ਨੌਜਵਾਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਵਾਹਨਾਂ ਨੂੰ ਕੰਪਾਊਂਡ ਕੀਤਾ ਸੀ। ਉਕਤ ਨੌਜਵਾਨ ਕਾਰ ਦੇ ਬੰਪਰ ਦੀ ਗਰਿੱਲ ‘ਤੇ ਲਾਲ ਅਤੇ ਨੀਲੇ ਰੰਗ ਦੀਆਂ ਲਾਈਟਾਂ ਲਗਾ ਕੇ ਘੁੰਮਦਾ ਦੇਖਿਆ ਗਿਆ।

ਇਸ ਦੌਰਾਨ ਜਦੋਂ ਪੁਲਿਸ ਮੁਲਾਜ਼ਮਾਂ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਗੱਡੀ ਛੱਡ ਕੇ ਫਰਾਰ ਹੋ ਗਿਆ। ਏ.ਸੀ.ਪੀ. ਦੇ ਗੰਨਮੈਨ ਅਤੇ ਡਰਾਈਵਰ ਨੇ ਗੱਡੀ ਨੂੰ ਘੇਰ ਲਿਆ ਅਤੇ ਅਰਬਨ ਅਸਟੇਟ ਫੇਜ਼ 2 ਦੇ ਵਸਨੀਕ ਨੂੰ ਕਾਬੂ ਕਰ ਲਿਆ।