ਜਲੰਧਰ : ਪੁੱਤ ਦੇ ਵਿਦੇਸ਼ ਜਾਣ ‘ਤੇ ਸਹੁਰੇ ਨੇ ਨੂੰਹ ‘ਤੇ ਰੱਖੀ ਮਾੜੀ ਅੱਖ, ਕੀਤੀ ਛੇੜਛਾੜ, ਵਿਰੋਧ ਕਰਨ ‘ਤੇ ਚਾਕੂਆਂ ਨਾਲ ਹਮਲਾ

0
507

ਜਲੰਧਰ | ਥਾਣਾ ਮਕਸੂਦਾਂ ਵਿਖੇ ਪੁਲਿਸ ਚੌਕੀ ਅਧੀਨ ਆਉਂਦੇ ਇਕ ਪਿੰਡ ‘ਚ ਗਣਤੰਤਰ ਦਿਵਸ ਦੀ ਰਾਤ ਨੂੰ ਨੂੰਹ ਨਾਲ ਛੇੜਛਾੜ ਦੀ ਕੋਸ਼ਿਸ਼ ਕਰ ਰਹੇ ਸਹੁਰੇ ਦਾ ਜਦੋਂ ਨੂੰਹ ਨੇ ਵਿਰੋਧ ਕੀਤਾ ਤਾਂ ਸਹੁਰੇ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਨੂੰਹ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

ਘਟਨਾ ਦੇਰ ਰਾਤ ਹੋਈ। ਇਹ ਸਾਰੀ ਘਟਨਾ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋਈ। ਜੋ ਸੀਸੀਟੀਵੀ ਫੁਟੇਜ ਪਰਿਵਾਰ ਵੱਲੋਂ ਪੁਲਿਸ ਨੂੰ ਸੌਂਪੀ ਗਈ। ਚੌਕੀ ਇੰਚਾਰਜ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲੀ ਹੈ। ਔਰਤ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਵੇਗੀ।

ਤਕਰੀਬਨ 12 ਸਾਲ ਪਹਿਲਾਂ ਵਿਆਹੀ ਆਈ ਔਰਤ ਦਾ ਪਤੀ ਕੁਝ ਸਮੇਂ ਬਾਅਦ ਵਿਦੇਸ਼ ਚਲਾ ਗਿਆ ਸੀ, ਜਿਸ ਦਾ ਫਾਇਦਾ ਉਠਾਉਂਦੇ ਹੋਏ ਸਹੁਰੇ ਨੇ ਨੂੰਹ ‘ਤੇ ਗਲਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ, ਜਿਸ ਦਾ ਵਿਰੋਧ ਕਰਦਿਆਂ ਔਰਤ ਵੱਲੋਂ ਆਪਣੇ ਪਤੀ ਨੂੰ ਵੀ ਜਾਣਕਾਰੀ ਦੇਣ ਦੇ ਨਾਲ-ਨਾਲ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ।

ਸਹੁਰੇ ਵਲੋਂ ਵਾਰ-ਵਾਰ ਮੁਆਫੀ ਮੰਗ ਕੇ ਮੌਕੇ ‘ਤੇ ਪੁਲਿਸ ਦੇ ਸਾਹਮਣੇ ਸਮਝੌਤਾ ਕੀਤਾ ਜਾਂਦਾ ਰਿਹਾ ਪਰ ਫਿਰ ਦੁਬਾਰਾ ਓਹੀ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਔਰਤ ਦਾ ਪਤੀ ਵਿਦੇਸ਼ ਤੋਂ ਆਪਣਾ ਕੰਮ ਛੱਡ ਕੇ ਵਾਪਸ ਜਲੰਧਰ ਆਪਣੇ ਘਰ ਪਰਤ ਆਇਆ ਤੇ ਘਰ ਵਿਚ ਸੀਸੀਟੀਵੀ ਕੈਮਰੇ ਲਗਵਾਏ। ਫਿਰ ਵੀ ਜਦੋਂ ਔਰਤ ਦਾ ਪਤੀ ਘਰੋਂ ਬਾਹਰ ਜਾਂਦਾ ਤਾਂ ਸਹੁਰੇ ਵਲੋਂ ਛੇੜਛਾੜ ਕੀਤੀ ਜਾਂਦੀ ਸੀ।