ਜਲੰਧਰ : ਗੈਰਾਜ ‘ਚ ਗੁੰਡਾਗਰਦੀ, ਕਿਰਪਾਨ ਮਾਰ ਕੇ ਤੋੜੇ ਗੱਡੀਆਂ ਦੇ ਸ਼ੀਸ਼ੇ, ਕਰਮਚਾਰੀਆਂ ਨਾਲ ਕੀਤੀ ਕੁੱਟਮਾਰ

0
902

 ਜਲੰਧਰ | ਜਲੰਧਰ ‘ਚ ਇਕ ਮਰਸੀਡੀਜ਼ ਕਾਰ ਦੇ ਗੈਰਾਜ ਮਾਲਕ ਨਾਲ ਕੁੱਟਮਾਰ ਤੇ ਗੈਰਾਜ ‘ਚ ਭੰਨਤੋੜ ਕੀਤੀ ਗਈ। ਆਰੋਪ ਹੈ ਕਿ ਕਾਰ ਮਾਲਕ ਨੇ ਮਕੈਨਿਕ ਨੂੰ ਬੰਪਰ ਫਿਟ ਕਰਨ ਨੂੰ ਦਿੱਤਾ ਸੀ ਪਰ ਦੇਰੀ ਕਾਰਨ ਲੜਾਈ ਹੋ ਗਈ। ਗੁੱਸੇ ‘ਚ ਆਏ ਮਾਲਕ ਨੇ ਗੈਰਾਜ ਵਿੱਚ ਖੜ੍ਹੀਆਂ 4 ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ।

ਜਾਣਕਾਰੀ ਮੁਤਾਬਕ ਸੂਰਿਆ ਇਨਕਲੇਵ ਅੰਡਰਪਾਸ ‘ਚ ਬਿੱਟੂ ਗੈਰਾਜ ਵਿੱਚ ਇਹ ਘਟਨਾ ਵਾਪਰੀ। ਗੈਰਾਜ ਦੇ ਮਾਲਕ ਬਿੱਟੂ ਨੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਉਸ ਨੂੰ ਕਿਸੇ ਡੇਰੇ ਦੇ ਇਕ ਵਿਅਕਤੀ ਨੇ ਆਪਣੀ ਮਰਸੀਡੀਜ਼ ਦਾ ਬੰਪਰ ਰਿਪੇਅਰ ਕਰਨ ਨੂੰ ਦਿੱਤਾ ਸੀ।

ਬਾਅਦ ‘ਚ ਉਸ ਨੇ ਕਿਹਾ ਕਿ ਪਲਾਸਟਿਕ ਦਾ ਨਹੀਂ, ਲੋਹੇ ਦਾ ਬੰਪਰ ਲਗਵਾਉਣਾ ਹੈ। ਉਸ ਨੇ ਨਵਾਂ ਬੰਪਰ ਬਣਵਾ ਦਿੱਤਾ ਤੇ ਆਪਣੇ ਸਾਥੀ ਦੇ ਗੈਰਾਜ ‘ਚ ਉਸ ਨੂੰ ਪੇਂਟ ਕਰਨ ਲਈ ਦੇ ਦਿੱਤਾ। ਡੇਢ ਮਹੀਨੇ ‘ਚ ਉਸ ਨੂੰ 3 ਵਾਰ ਫੋਨ ਕੀਤਾ ਪਰ ਮਾਲਕ ਨਹੀਂ ਆਇਆ।

ਬਿੱਟੂ ਨੇ ਕਿਹਾ ਕਿ ਬੀਤੀ ਸ਼ਾਮ ਨੂੰ ਕਾਰ ਲੈ ਕੇ ਉਕਤ ਵਿਅਕਤੀ ਉਸ ਦੇ ਗੈਰਾਜ ਪਹੁੰਚਿਆ ਤਾਂ ਉਦੋਂ ਉਹ ਕਿਸੇ ਦੂਸਰੀ ਗੱਡੀ ਦਾ ਕੰਮ ਕਰ ਰਿਹਾ ਸੀ। ਉਹ ਭੜਕ ਗਿਆ ਤੇ ਧਮਕਾਉਣ ਲੱਗਾ। ਉਹ ਉਸ ਦੀ ਕਾਰ ਸਮੇਤ ਦੋਸਤ ਦੇ ਗੈਰਾਜ ‘ਤੇ ਲੈ ਗਿਆ।

ਉਥੇ ਬੰਪਰ ਫਿਟ ਕਰਵਾਉਂਦੇ ਸਮੇਂ ਵੀ ਉਹ ਝਗੜਦਾ ਰਿਹਾ। ਉਥੋਂ ਉਹ ਹੱਥ ਜੋੜ ਕੇ ਆਪਣੀ ਦੁਕਾਨ ‘ਤੇ ਆ ਗਿਆ। ਆਰੋਪੀ ਉਥੇ ਆ ਕੇ ਫਿਰ ਉਸ ਨਾਲ ਲੜਨ ਲੱਗਾ।

ਇਸ ਤੋਂ ਬਾਅਦ ਉਹ ਮਾਰਕੀਟ ਚਲਾ ਗਿਆ। ਪਿੱਛੋਂ ਆਰੋਪੀ ਨੇ ਉਸ ਦੀ ਦੁਕਾਨ ਦੇ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਤੇ ਉਥੇ ਖੜ੍ਹੀਆਂ ਗੱਡੀਆਂ ਦੀ ਤੋੜਭੰਨ ਕੀਤੀ।

ਬਿੱਟੂ ਨੇ ਕਿਹਾ ਕਿ ਉਸ ਦਾ ਕਰੀਬ ਸਵਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਸ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕਰ ਦਿੱਤੀ ਹੈ। ਹਾਲਾਂਕਿ ਇਸ ਤੋਂ ਬਾਅਦ ਆਰੋਪੀ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਹੈ।