ਜਲੰਧਰ | ਰਾਤ ਸਮੇਂ ਜਲੰਧਰ ਸ਼ਹਿਰ ਵਿਚ ਕਾਫੀ ਹੰਗਾਮਾ ਹੋਇਆ। ਸ਼ਹਿਰ ਕਪੂਰਥਲਾ ਚੌਕ ਤੋਂ ਵਰਕਸ਼ਾਪ ਚੌਕ ਵੱਲ ਨੂੰ ਆਉਂਦੀ ਸੜਕ ‘ਤੇ ਇਕ ਟਰੱਕ ਚਾਲਕ ਨੇ ਟੱਕਰ ਮਾਰ ਕੇ ਵਾਹਨਾਂ ਦੀ ਭੰਨ-ਤੋੜ ਕੀਤੀ। ਟਰੱਕ ਦਾ ਡਰਾਈਵਰ ਸ਼ਰਾਬ ਦੇ ਨਸ਼ੇ ‘ਚ ਸੀ। ਇਸ ਘਟਨਾ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜ ਕੇ ਥਾਣਾ ਡਵੀਜ਼ਨ ਨੰਬਰ ਦੋ ਦੇ ਹਵਾਲੇ ਕਰ ਦਿੱਤਾ ਹੈ।
ਮੌਕੇ ‘ਤੇ ਪਹੁੰਚੇ ਐੱਸਐੱਚਓ ਨੇ ਦੱਸਿਆ ਕਿ ਟਰੱਕ ਕਪੂਰਥਲਾ ਤੋਂ ਚੌਲ ਸਪਲਾਈ ਕਰਨ ਲਈ ਗਿਆ ਸੀ ਅਤੇ ਵਾਪਸ ਗੁਰਦਾਸਪੁਰ ਜਾ ਰਿਹਾ ਸੀ। ਟਰੱਕ ਦੇ ਡਰਾਈਵਰ ਜਗਦੀਪ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਦਾ ਮੈਡੀਕਲ ਕਰਵਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਟਰੱਕ ਡਰਾਈਵਰ ਜਗਦੀਪ ਨੇ ਦੱਸਿਆ ਕਿ ਟਰੱਕ ਗੁਰਦਾਸਪੁਰ ਦੇ ਰਹਿਣ ਵਾਲੇ ਜੱਗਾ ਦਾ ਹੈ। ਉਹ ਕਠੂਆ ਤੋਂ ਚੌਲ ਲੈ ਕੇ ਕਪੂਰਥਲਾ ਗਿਆ ਸੀ। ਵਾਪਸੀ ‘ਤੇ ਕਪੂਰਥਲਾ ਚੌਕ ਤੋਂ ਥੋੜਾ ਅੱਗੇ ਵਰਕਸ਼ਾਪ ਚੌਕ ਵੱਲ ਜਾ ਰਿਹਾ ਸੀ ਤਾਂ ਗਲਤ ਸਾਈਡ ਤੋਂ ਇਕ ਕਾਰ ਆ ਗਈ। ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਦੀ ਸਕਾਰਪੀਓ ਗੱਡੀ ਅਤੇ ਕਾਰ ਨਾਲ ਟੱਕਰ ਹੋ ਗਈ।
ਸਕਾਰਪੀਓ ਗੱਡੀ ਦੇ ਮਾਲਕ ਵਿਸ਼ਾਲ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ’ਤੇ ਸਾਮਾਨ ਲੈਣ ਆਇਆ ਸੀ। ਉਸ ਦਾ ਇੱਕ ਸਾਥੀ ਕਾਰ ਵਿੱਚ ਸੀ। ਜਦੋਂ ਉਸ ਨੇ ਸਾਹਮਣੇ ਤੋਂ ਟਰੱਕ ਨੂੰ ਸਿੱਧਾ ਆਉਂਦਾ ਦੇਖਿਆ ਤਾਂ ਉਸ ਨੇ ਵੀ ਸਕਾਰਪੀਓ ਨੂੰ ਪਿੱਛੇ ਲਾ ਕੇ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਟਰੱਕ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਉਹ ਸਿੱਧਾ ਟਕਰਾ ਗਿਆ। ਉਸ ਨੇ ਦੱਸਿਆ ਕਿ ਉਸ ਦੇ ਦੋਸਤ ਨੂੰ ਸੱਟਾਂ ਲੱਗੀਆਂ ਹਨ। ਸਕਾਰਪੀਓ ਨੂੰ ਟੱਕਰ ਮਾਰਨ ਤੋਂ ਬਾਅਦ ਟਰੱਕ ਵਾਲੇ ਨੇ ਪਿੱਛੇ ਖੜ੍ਹੀ ਵੈਨਿਊ ਕਾਰ ਨੂੰ ਵੀ ਟੱਕਰ ਮਾਰ ਦਿੱਤੀ।