ਜਲੰਧਰ : ਡਾਕਟਰਾਂ ਨੇ 400 ਟਾਂਕੇ ਲਾ ਕੇ ਜੋੜਿਆ ਸ਼ਿਵਮ ਦਾ ਹੱਥ, ਸੂਰਿਆ ਐਨਕਲੇਵ ‘ਚ 15 ਹਮਲਾਵਰਾਂ ਨੇ ਕੀਤਾ ਸੀ ਹਮਲਾ

0
908

ਜਲੰਧਰ| ਸੂਰਿਆ ਐਨਕਲੇਵ ‘ਚ ਇਕ ਨੌਜਵਾਨ ਦਾ ਹੱਥ ਵੱਢ ਕੇ ਤੇ ਅੱਖਾਂ ਕੱਢਣ ਦੇ ਮਾਮਲੇ ‘ਚ ਡਾਕਟਰਾਂ ਨੇ ਸ਼ਿਵਮ ਦੇ 8 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਉਸ ਦੇ ਹੱਥ ਜੋੜ ਦਿੱਤੇ ਹਨ। ਇਸ ਦੌਰਾਨ ਸ਼ਿਵਮ ਨੂੰ 400 ਟਾਂਕੇ ਲੱਗੇ ਹਨ। ਇਲਾਜ ਤੋਂ ਬਾਅਦ ਡਾਕਟਰਾਂ ਨੇ ਸ਼ਿਵਮ ਨੂੰ ਗਵਾਹੀ ਦੇਣ ਲਈ ਅਨਫਿੱਟ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਾਮਾਮੰਡੀ ਥਾਣੇ ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਸੂਰਿਆ ਐਨਕਲੇਵ ਵਿੱਚ ਸੜਕ ’ਤੇ ਸਾਈਡ ਮੰਗਣ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝੜਪ ਹੋ ਗਈ। ਇਸ ਵਿੱਚ ਦੂਜੇ ਪਾਸੇ ਦਾ ਇੱਕ ਨੌਜਵਾਨ ਵੀ ਜ਼ਖ਼ਮੀ ਹੋ ਗਿਆ ਹੈ। ਲੜਾਈ ਵਿੱਚ ਜ਼ਖ਼ਮੀ ਹੋਏ ਸ਼ਿਵਮ ਭੋਗਲ ਦੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਤੋਂ ਐਨ.ਐਚ.ਐਸ. ਹਸਪਤਾਲ ਦਾਖਲ ਕਰਵਾਇਆ, ਜਿੱਥੇ ਆਪ੍ਰੇਸ਼ਨ ਬੁੱਧਵਾਰ ਨੂੰ 8 ਘੰਟੇ ਚੱਲਿਆ, ਜਿਸ ‘ਚ ਸ਼ਿਵਮ ਦੇ ਹੱਥ ਦੇ ਆਪ੍ਰੇਸ਼ਨ ਦੌਰਾਨ 400 ਟਾਂਕੇ ਲੱਗੇ। ਡਾਕਟਰਾਂ ਨੇ ਦੱਸਿਆ ਕਿ ਰਿਸ਼ਤੇਦਾਰ ਕੱਪੜੇ ਵਿੱਚ ਲਪੇਟਿਆ ਹੋਇਆ ਹੱਥ ਲੈ ਕੇ ਆਏ ਸਨ।

ਕੱਟੇ ਗਏ ਹੱਥ ਦੀਆਂ ਨਸਾਂ ਅਤੇ ਮਾਸਪੇਸ਼ੀਆਂ ਨੂੰ ਜ਼ਿੰਦਾ ਰੱਖਣ ਲਈ ਇਸ ਨੂੰ ਤੁਰੰਤ ਫਰਿੱਜ ਵਿਚ ਰੱਖਿਆ ਗਿਆ ਸੀ। ਰਾਤ ਕਰੀਬ ਇੱਕ ਵਜੇ ਉਨ੍ਹਾਂ ਦੀ ਅਗਵਾਈ ਵਿੱਚ ਪਲਾਸਟਿਕ ਸਰਜਨ ਸਮੇਤ 12 ਸਟਾਫ਼ ਮੈਂਬਰਾਂ ਨੇ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਅਤੇ ਹੱਥ ਨੂੰ ਜੋੜਿਆ ਗਿਆ।

ਰਾਮਾਮੰਡੀ ਥਾਣੇ ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਸੂਰਿਆ ਐਨਕਲੇਵ ਦਾ ਰਹਿਣ ਵਾਲਾ ਸ਼ਿਵਮ ਆਪਣੇ ਦੋਸਤ ਰਾਹੁਲ ਨਾਲ ਜੀਪ ’ਤੇ ਘਰੋਂ ਬਰਗਰ ਲੈਣ ਗਿਆ ਸੀ। ਰਾਹੁਲ ਨੇ ਪੁਲਿਸ ਨੂੰ ਦੱਸਿਆ ਕਿ ਸੂਰਿਆ ਐਨਕਲੇਵ ਦੇ ਗੇਟ ਨੇੜੇ ਰਸਤਾ ਨਾ ਮਿਲਣ ’ਤੇ ਦੋਵਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ। ਤਕਰਾਰ ਦੌਰਾਨ ਮੋਟਰਸਾਈਕਲ ਸਵਾਰਾਂ ਨਾਲ ਹੱਥੋਪਾਈ ਹੋ ਗਈ, ਜੋ ਕਿ ਹਿੰਸਕ ਟਕਰਾਅ ਵਿਚ ਬਦਲ ਗਈ, ਜਿਸ ਵਿਚ ਸ਼ਿਵਮ ਦਾ ਹੱਥ ਵੱਢਿਆ ਗਿਆ।