ਜਲੰਧਰ : ਟਰੱਕ ਦੀ ਟੱਕਰ ਨਾਲ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਸਹਾਰਾ

0
682

ਜਲੰਧਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਪਰਾਗਪੁਰ ਜੀ. ਟੀ. ਰੋਡ ’ਤੇ ਨਾਰੰਗ ਸਟੋਰ ਦੇ ਸਾਹਮਣੇ ਟਰੱਕ ਦੀ ਟੱਕਰ ਨਾਲ ਕਾਰ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਧਰੁਵ ਭਾਗੀ ਪੁੱਤਰ ਵਿਕਾਸ ਭਾਗੀ ਵਜੋਂ ਹੋਈ, ਉਹ ਮਾਡਲ ਗ੍ਰਾਮ ਕੋਚਰ ਮਾਰਕੀਟ ਲੁਧਿਆਣਾ ਦਾ ਰਹਿਣ ਵਾਲਾ ਸੀ ਤੇ ਉਮਰ 17 ਸਾਲ ਸੀ ਅਤੇ 12ਵੀਂ ਜਮਾਤ ਵਿਚ ਪੜ੍ਹਦਾ ਸੀ।

Accident | Daily News

ਉਸਦੇ ਪਿਤਾ ਵਿਕਾਸ ਭਾਗੀ ਦਵਾਈਆਂ ਦਾ ਕੰਮ ਕਰਦੇ ਹਨ। ਉਹ ਆਪਣੇ ਮਾਂ-ਪਿਓ ਦਾ ਇਕਲੌਤਾ ਪੁੱਤ ਸੀ। ਐਤਵਾਰ ਨੂੰ ਕਿਸੇ ਕੰਮ ਆਪਣੇ ਪਿਤਾ ਦੀ ਕਾਰ ਲੈ ਕੇ ਉਹ ਜਲੰਧਰ ਵੱਲ ਆ ਰਿਹਾ ਸੀ। ਤੇਜ਼ ਰਫਤਾਰ ਹੋਣ ਕਾਰਨ ਕਾਰ ਆਪਣੇ ਅੱਗੇ ਜਾ ਰਹੇ ਟਰੱਕ ਦੇ ਹੇਠਾਂ ਜਾ ਵੜੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਸਵਾਰ ਧਰੁਵ ਦੀ ਮੌਤ ਦੀ ਸੂਚਨਾ ਪਰਿਵਾਰ ਤੱਕ ਪਹੁੰਚਦੇ ਹੀ ਘਰ ਵਿਚ ਮਾਤਮ ਛਾ ਗਿਆ।

ਮਾਮਲੇ ਦੀ ਜਾਂਚ ਕਰ ਰਹੇ ਪਰਾਗਪੁਰ ਪੁਲਿਸ ਚੌਕੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧ ਵਿਚ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਨੌਜਵਾਨ ਧਰੁਵ ਦਾ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਕਾਰ ਪਿੱਛਿਓਂ ਆ ਕੇ ਟਰੱਕ ਵਿਚ ਲੱਗੀ ਹੋਣ ਕਾਰਨ ਪੁਲਿਸ ਨੇ ਇਸ ਸਬੰਧ ਵਿਚ ਕੋਈ ਵੀ ਕਾਨੂੰਨੀ ਕਾਰਵਾਈ ਟਰੱਕ ਡਰਾਈਵਰ ਖ਼ਿਲਾਫ਼ ਨਹੀਂ ਕੀਤੀ।