ਜਲੰਧਰ ਕਮਿਸ਼ਨਰੇਟ ਪੁਲਿਸ ਨੇ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 4 ਜਣੇ ਕੀਤੇ ਗ੍ਰਿਫਤਾਰ

0
419

ਜਲੰਧਰ, 4 ਫਰਵਰੀ | ਜਲੰਧਰ ਕਮਿਸ਼ਨਰੇਟ ਪੁਲਿਸ ਨੇ ਡਰੋਨ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਤਿੰਨ ਪਿਸਤੌਲਾਂ ਅਤੇ 14 ਰੌਂਦਾਂ ਸਮੇਤ ਚਾਰ ਨੂੰ ਗ੍ਰਿਫ਼ਤਾਰ ਕੀਤਾ। ਕਾਬੂ ਕੀਤੇ ਵਿਅਕਤੀ ਵਿਦੇਸ਼ਾਂ ਵਿਚ ਰਹਿੰਦੇ ਗੈਂਗਸਟਰਾਂ ਨਾਲ ਗੈਂਗਵਾਰ ਵਿਚ ਵੀ ਸ਼ਾਮਲ ਹਨ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਦੇ ਆਸ-ਪਾਸ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਸਰਗਰਮ ਹੈ। ਪੁਲਿਸ ਨੇ ਜਾਲ ਵਿਛਾ ਕੇ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਹਰੀਕੇ ਨੇੜੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤਰਨਤਾਰਨ ਨੂੰ ਵੇਰਕਾ ਮਿਲਕ ਪਲਾਂਟ ਤੋਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਥਾਣਾ ਡਵੀਜ਼ਨ 1 ਜਲੰਧਰ ਵਿਖੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਗੈਂਗਸਟਰ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਗਿਆ ਹੈ।

ਤਫਤੀਸ਼ ਦੌਰਾਨ ਜਸਪ੍ਰੀਤ ਸਿੰਘ ਉਰਫ਼ ਜੱਸਾ ਨੇ ਖੁਲਾਸਾ ਕੀਤਾ ਕਿ ਉਸ ਦੇ ਪਾਕਿਸਤਾਨ ਸਥਿਤ ਹਥਿਆਰਬੰਦ ਸਮੱਗਲਰਾਂ ਨਾਲ ਡੂੰਘੇ ਸਬੰਧ ਹਨ ਜਿਨ੍ਹਾਂ ਰਾਹੀਂ ਉਸ ਨੇ ਪਾਕਿਸਤਾਨ ਦੇ ਸੂਤਰਾਂ ਰਾਹੀਂ ਡਰੋਨਾਂ ਦੀ ਵਰਤੋਂ ਕਰਕੇ ਪਿਸਤੌਲਾਂ ਅਤੇ ਹੈਰੋਇਨ ਦੀ ਖਰੀਦ ਕੀਤੀ ਸੀ ਅਤੇ ਹੁਣ ਤਕ ਸੂਬੇ ‘ਚ ਅਜਿਹੀਆਂ ਛੇ ਖੇਪਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਜੱਸਾ ਦੀ ਕੈਨੇਡਾ ਸਥਿਤ ਗੈਂਗਸਟਰ-ਕਮ-ਅੱਤਵਾਦੀ ਲਖਬੀਰ ਸਿੰਘ ਲੰਡਾ ਨਾਲ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਰੰਜਿਸ਼ ਦੀ ਜੜ੍ਹ ਸੂਬੇ ਦੇ ਹਰੀਕੇ ਪੱਤਣ ਇਲਾਕੇ ‘ਚ ਮੱਛੀ ਫੜਨ ਦਾ ਠੇਕਾ ਸੀ ਤੇ ਹਾਲ ਹੀ ਵਿਚ ਜੱਸਾ ਦੇ ਚਚੇਰੇ ਭਰਾ ਸੁਖਪ੍ਰੀਤ ਸਿੰਘ ਨੂੰ ਲੰਡਾ ਗੈਂਗ ਵੱਲੋਂ ਮਾਰ ਦਿੱਤਾ ਗਿਆ ਸੀ।

ਸੀਪੀ ਨੇ ਦੱਸਿਆ ਕਿ ਜੱਸਾ ਖਿਲਾਫ ਐਨਡੀਪੀਐਸ, ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ 17 ਐਫਆਈਆਰ ਪੈਂਡਿੰਗ ਹਨ ਤੇ ਨਵੀਂ ਖੇਪ ਰਾਹੀਂ ਉਸ ਨੇ ਲੰਡਾ ਗਿਰੋਹ ਦੇ ਤਿੰਨ ਮੁੱਖ ਸਾਥੀਆਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੇ ਆਧਾਰ ‘ਤੇ ਪੁਲਿਸ ਨੇ ਤਿੰਨ ਹੋਰ ਦੋਸ਼ੀਆਂ ਨੂੰ ਤਿੰਨ ਪਿਸਤੌਲਾਂ ਸਮੇਤ 14 ਰੌਂਦ ਸਮੇਤ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਭਗਵੰਤ ਸਿੰਘ ਵਾਸੀ ਪਿੰਡ ਪੰਗੇਟਾ ਤਰਨਤਾਰਨ, ਗੁਰਜੰਟ ਸਿੰਘ ਉਰਫ਼ ਅੰਮ੍ਰਿਤ ਵਾਸੀ ਪਿੰਡ ਵੈਪੁਰੀ ਤਰਨਤਾਰਨ ਅਤੇ ਲਵਪ੍ਰੀਤ ਸਿੰਘ ਉਰਫ਼ ਲਵ ਵਜੋਂ ਹੋਈ ਹੈ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਭਗਵੰਤ ਸਿੰਘ ਨੂੰ ਕਪੂਰਥਲਾ ਚੌਕ ਤੋਂ, ਗੁਰਜੰਟ ਸਿੰਘ ਨੂੰ ਮਕਸੂਦਾਂ ਬਾਈਪਾਸ ਤੋਂ ਅਤੇ ਲਵਪ੍ਰੀਤ ਸਿੰਘ ਨੂੰ ਵੇਰਕਾ ਮਿਲਕ ਪਲਾਂਟ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਸਪ੍ਰੀਤ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ, ਏਅਰਕ੍ਰਾਫਟ ਐਕਟ, ਐਨਡੀਪੀਐਸ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ 8 ਐਫਆਈਆਰਜ਼ ਪੈਂਡਿੰਗ ਹਨ ਜਦਕਿ ਬਾਕੀ ਤਿੰਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।

ਵੇਖੋ ਵੀਡੀਓ