ਜਲੰਧਰ| ਲੋਕ ਸਭਾ ਉਪ ਚੋਣ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 11 ਵਜੇ ਤਕ 43 ਫੀਸਦੀ ਪੋਲਿੰਗ ਹੋਈ ਹੈ। ਚੋਣ ਮੈਦਾਨ ਵਿੱਚ ਕੁੱਲ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਜਲੰਧਰ ਵਿਚ ਪੈ ਰਹੀਆਂ ਵੋਟਾਂ ਵਿਚਾਲੇ ਕੁਝ ਥਾਵਾਂ ਉਤੇ ਲੜਾਈ ਝਗੜੇ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।
ਸ਼ਾਹਕੋਟ ਦੇ ਰੂਪੇਵਾਲ ਪਿੰਡ ਵਿਚ ਕਾਂਗਰਸ ਤੇ ਆਪ ਸਮਰਥਕਾਂ ਵਿਚਾਲੇ ਕਾਫੀ ਬਹਿਸਬਾਜ਼ੀ ਹੋਈ। ਕਾਂਗਰਸ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਬਾਹਰਲੇ ਹਲਕੇ ਤੋਂ ਆਏ ਆਪ ਵਿਧਾਇਕ ਉਤੇ ਬਦਮਾਸ਼ੀ ਕਰਨ ਦਾ ਇਲਜ਼ਾਮ ਲਗਾਇਆ।
ਇਸੇ ਤਰ੍ਹਾਂ ਹੀ ਜਲੰਧਰ ਦੇ ਢੰਨ ਮੁਹੱਲੇ ਵਿਚ ਆਪ ਸਮਰਥਕਾਂ ਉਤੇ ਕਾਂਗਰਸ ਤੇ ਭਾਜਪਾ ਦੇ ਬੂਥ ਭੰਨਣ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਢੰਨ ਮੁਹੱਲੇ ਦੇ ਲੋਕਾਂ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਆਪ ਸਮਰਥਕ ਸ਼ਰੇਆਮ ਹਥਿਆਰ ਲੈ ਕੇ ਘੁੰਮ ਰਹੇ ਹਨ।
ਮਕਸੂਦਾਂ ਇਲਾਕੇ ‘ਚ ਪੈਂਦੇ ਪਿੰਡ ਨੰਦਨਪੁਰ ਰੋਡ ‘ਤੇ ਸਥਿਤ ਵੋਟਿੰਗ ਬੂਥ ‘ਤੇ ਗੇਟ ‘ਤੇ ਤਾਇਨਾਤ ਹੌਲਦਾਰ ਅਤੇ ਡਿਊਟੀ ‘ਤੇ ਤਾਇਨਾਤ ਏ.ਐੱਸ.ਆਈ. ਵਿਚਕਾਰ ਤਿੱਖੀ ਬਹਿਸ ਹੋ ਗਈ। ਵੋਟਰਾਂ ਦੇ ਸਾਹਮਣੇ ਇਸ ਬਹਿਸ ਕਾਰਨ ਲੋਕ ਪੁਲਿਸ ਮੁਲਾਜ਼ਮਾਂ ‘ਤੇ ਹੱਸ ਰਹੇ ਸਨ। ਜਾਣਕਾਰੀ ਅਨੁਸਾਰ ਜਦੋਂ ਏ.ਐਸ.ਆਈ ਨੇ ਗੇਟ ‘ਤੇ ਖੜ੍ਹੇ ਹੌਲਦਾਰ ਨੂੰ ਕੁਝ ਕੰਮ ਪੁੱਛਿਆ ਤਾਂ ਉਸ ਨੇ ਝਿਜਕਦਿਆਂ ਕਿਹਾ ਕਿ ਮੈਂ ਗੇਟ ‘ਤੇ ਡਿਊਟੀ ਦੇ ਰਿਹਾ ਹਾਂ | ਸਾਰਾ ਕੰਮ ਕਿਵੇਂ ਕਰਨਾ ਹੈ ਇਸ ‘ਤੇ ਐੱਸਐੱਚਓ ਨੇ ਕਿਹਾ ਕਿ ਮੈਂ ਸੀਨੀਅਰ ਹਾਂ, ਅਸੀਂ ਸਾਰੇ ਕੰਮ ਮਿਲ ਕੇ ਕਰਨੇ ਹਨ। ਪਰ ਸਾਰਜੈਂਟ ਨੇ ਗੁੱਸੇ ਵਿੱਚ ਉੱਚੀ ਆਵਾਜ਼ ਵਿੱਚ ਥਾਣੇਦਾਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਥੇ ਵੋਟ ਪਾਉਣ ਆਏ ਲੋਕਾਂ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ।