ਜਲੰਧਰ : ਦੇਸੀ ਘਿਓ ਵਾਲੇ ਡੋਲੂ ‘ਚ ਔਰਤ ਵੇਚਦੀ ਸੀ ਅਫੀਮ, ਫੜ੍ਹੀ ਗਈ ਤਾਂ ਨਸ਼ੇ ਦੇ 7 ਪੁਰਾਣੇ ਪਰਚਿਆਂ ਦਾ ਵੀ ਹੋਇਆ ਖੁਲਾਸਾ

0
1033

ਜਲੰਧਰ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੰਜਾਬੀ ਬਾਗ ਤੋਂ ਮਹਿਲਾ ਨਸ਼ਾ ਸਮੱਗਲਰ ਨਿਸ਼ਾ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 700 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੀ ਗਈ ਅਫੀਮ ਦੇਸੀ ਘਿਓ ਦੇ ਡੋਲੂ ਦੇ ਅੰਦਰ ਖਾਸ ਤੌਰ ਉਤੇ ਬਣਾਏ ਵਿਸ਼ੇਸ਼ ਖਾਨੇ ਵਿਚ ਲੁਕੋ ਕੇ ਰੱਖੀ ਸੀ। ਅਸ਼ੋਕ ਵਿਹਾਰ ਦੀ ਰਹਿਣ ਵਾਲੀ ਨਿਸ਼ਾ ਉਤੇ ਪਹਿਲਾਂ ਵੀ ਅਫੀਮ ਸਮੱਗਲਿੰਗ ਦੇ ਦੋ ਤੇ ਚਿੱਟਾ ਸਮੱਗਲਿੰਗ ਦੇ 5 ਪਰਚੇ ਦਰਜ ਹਨ। ਥਾਣਾ ਮਕਸੂਦਾਂ ਤਹਿਤ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪਾਬਾਲੀ ਦੀ ਨਿਗਰਾਨੀ ਵਿਚ ਸਬ ਇੰਸਪੈਕਟਰ ਭੁਪਿੰਦਰ ਸਿੰਘ ਆਪਣੀ ਟੀਮ ਨਾਲ ਪੰਜਾਬੀ ਬਾਗ ਏਰੀਆ ਵਿਚ ਚੈਕਿੰਗ ਲਈ ਨਿਕਲੇ ਸਨ। ਇਸ ਵਿਚਾਲੇ ਨਿਸ਼ਾ ਨੂੰ ਰੋਕ ਕੇ ਡੋਲੂ ਦੀ ਜਾਂਚ ਕੀਤੀ ਗਈ ਤਾਂ ਉਸਦੇ ਅੰਦਰ ਦੇਸੀ ਘਿਓ ਸੀ। ਪਰ ਡੋਲੂ ਦੇ ਉਪਰਲੇ ਹਿੱਸੇ ਨੂੰ ਚੁੱਕਿਆ ਗਿਆ ਤਾਂ ਅੰਦਰ ਵਿਸ਼ੇਸ਼ ਖਾਨਾ ਬਣਾਇਆ ਗਿਆ ਸੀ। ਡੋਲੂ ਦੇ ਅੰਦਰੋਂ 700 ਗ੍ਰਾਮ ਅਫੀਮ ਬਰਾਮਦ ਹੋਈ। ਨਿਸ਼ਾ ਨੂੰ ਦੋ ਕੇਸਾਂ ਵਿਚ ਸਜਾ ਹੋ ਚੁੱਕੀ ਹੈ। ਜੇਲ੍ਹ ਤੋਂ ਆਉਣ ਤੋਂ ਬਾਅਦ ਨਿਸ਼ਾ ਫਿਰ ਨਸ਼ਾ ਵੇਚਣ ਲੱਗਦੀ ਹੈ। ਪੁਲਿਸ ਨੇ ਉਸਦੀ ਚੱਲ-ਅਚੱਲ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕੇਸ ਵਿਚ ਜ਼ਬਤ ਕੀਤੀ ਜਾ ਸਕੇ।