ਜਲੰਧਰ : ਕੱਪੜਾ ਵਪਾਰੀ ਦੀ ਸੁਰੱਖਿਆ ‘ਚ ਤਾਇਨਤ ਪੁਲਿਸ ਮੁਲਾਜ਼ਮ ਦੀ ਵੀ ਹੋਈ ਮੌਤ, CM ਮਾਨ ਨੇ ਕੀਤਾ 2 ਕਰੋੜ ਦੇਣ ਦਾ ਐਲਾਨ

0
673

ਜਲੰਧਰ/ਨਕੋਦਰ | ਥਾਣਾ ਸਿਟੀ (ਨਕੋਦਰ) ਤੋਂ ਸਿਰਫ਼ 300 ਮੀਟਰ ਦੀ ਦੂਰੀ ‘ਤੇ 39 ਸਾਲਾ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦੀ ਬੁੱਧਵਾਰ ਰਾਤ ਕਰੀਬ 8:40 ਵਜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਸਰਕਾਰੀ ਗੰਨਮੈਨ ਕਾਂਸਟੇਬਲ ਮਨਦੀਪ ਸਿੰਘ ਜ਼ਖ਼ਮੀ ਹੋ ਗਿਆ, ਜਿਸ ਦਾ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ। ਗੰਨਮੈਨ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਥਾਣਾ ਸਿਟੀ ਨਕੋਦਰ ਤੋਂ ਮਹਿਜ਼ 300 ਮੀਟਰ ਦੂਰ ਰਾਇਲ ਟਾਵਰ ਦੇ ਬਾਹਰ ਬਾਈਕ ਸਵਾਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਿੱਟੇ ਵਜੋਂ ਕਾਰ ਦੀ ਡਰਾਈਵਰ ਸੀਟ ‘ਤੇ ਬੈਠੇ ਟਿੰਮੀ ਦੀ ਛਾਤੀ ਦੇ ਕੋਲ ਚਾਰ ਗੋਲੀਆਂ ਲੱਗੀਆਂ, ਜਦਕਿ ਗੰਨਮੈਨ ਮਨਦੀਪ ਸਿੰਘ ਜ਼ਖਮੀ ਹੋ ਗਿਆ। ਦੋਵਾਂ ਨੂੰ ਪਹਿਲਾਂ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਥੋਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਇਸ ਦੌਰਾਨ ਟਿੰਮੀ ਦੀ ਮੌਤ ਹੋ ਗਈ ਸੀ ਅਤੇ ਗੰਗਮੈਨ ਮਨਦੀਪ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਸੀ।

37 ਦਿਨ ਪਹਿਲਾਂ 1 ਨਵੰਬਰ ਨੂੰ ਪਾਕਿਸਤਾਨ ‘ਚ ਬੈਠੇ ਅੱਤਵਾਦੀ ਰਿੰਦਾ ਨੇ ਕੱਪੜਾ ਵਪਾਰੀ ਨੂੰ ਫੋਨ ਕਰ ਕੇ ਸੋਸ਼ਲ ਮੀਡੀਆ ਰਾਹੀਂ 30 ਲੱਖ ਦੀ ਫਿਰੌਤੀ ਮੰਗੀ ਸੀ। ਇਸ ਤੋਂ ਬਾਅਦ ਕਾਰੋਬਾਰੀ ਨੂੰ ਸਰਕਾਰੀ ਗੰਨਮੈਨ ਦਿੱਤਾ ਗਿਆ। ਕਾਤਲਾਂ ਦੀ ਗਿਣਤੀ 3 ਤੋਂ 4 ਦੱਸੀ ਜਾ ਰਹੀ ਹੈ। ਹਾਲਾਂਕਿ ਪਾਕਿਸਤਾਨ ਤੋਂ ਖਬਰ ਆਈ ਸੀ ਕਿ ਰਿੰਦਾ ਦੀ ਮੌਤ ਹੋ ਗਈ ਹੈ। ਹੁਣ ਸਵਾਲ ਇਹ ਹੈ ਕਿ ਜੇਕਰ ਰਿੰਦਾ ਮਰਿਆ ਹੈ ਤਾਂ ਕਤਲ ਕਿਸ ਦੇ ਇਸ਼ਾਰੇ ‘ਤੇ ਕੀਤਾ ਗਿਆ। ਫਿਰੌਤੀ ਦੀ ਮੰਗ ਕਰਨ ਲਈ ਇੱਕ ਅੰਤਰਰਾਸ਼ਟਰੀ ਮੋਬਾਈਲ ਨੰਬਰ ਦੀ ਵਰਤੋਂ ਕੀਤੀ ਗਈ ਸੀ। ਆਈਜੀ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਕਾਤਲ ਦਾ ਸੁਰਾਗ ਲਗਾਉਣ ਲਈ 7 ਵਿਸ਼ੇਸ਼ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ।