18 ਸਾਲ ਪੁਰਾਣੇ ਮਾਮਲੇ ‘ਚ ਜਗਤਾਰ ਸਿੰਘ ਹਵਾਰਾ ਬਰੀ; ਪੁਲਿਸ ਨਹੀਂ ਕਰ ਸਕੀ ਸਬੂਤ ਪੇਸ਼

0
821

ਚੰਡੀਗੜ੍ਹ, 1 ਦਸੰਬਰ | ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਇਕ ਹੋਰ ਕੇਸ ਵਿਚੋਂ ਵੀ ਬਰੀ ਕਰ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਵਿਚ ਵੀ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਪੁਲਿਸ ਵੱਲੋਂ ਨਾਮਜ਼ਦ ਗਵਾਹ ਦੀ ਮੌਤ ਹੋ ਗਈ ਹੈ। ਇਸ ਕਾਰਨ ਜਗਤਾਰ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ। ਹਵਾਰਾ ਖ਼ਿਲਾਫ਼ 2005 ਵਿਚ ਚੰਡੀਗੜ੍ਹ ਦੇ ਸੈਕਟਰ 17 ਵਿਚ ਅਸਲਾ ਐਕਟ ਅਤੇ ਵਿਸਫੋਟਕ ਪਦਾਰਥ ਰੱਖਣ ਦਾ ਕੇਸ ਦਰਜ ਕੀਤਾ ਗਿਆ ਸੀ।

ਹਵਾਰਾ ਇਸ ਸਮੇਂ ਦਿੱਲੀ ਦੀ ਮੰਡੋਲੀ ਜੇਲ ਵਿਚ ਬੰਦ ਹੈ। ਹਵਾਰਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਪੁਲਿਸ ਨੇ 11 ਜੁਲਾਈ 2005 ਨੂੰ ਉਨ੍ਹਾਂ ਦੇ ਸਾਥੀ ਸਮੀਰ ਮੱਲ੍ਹਾ ਉਰਫ ਟੋਨੀ ਸਮੇਤ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਸਮੇਂ ਦੋਵਾਂ ਕੋਲੋਂ ਆਰਡੀਐਕਸ ਬਰਾਮਦ ਕੀਤਾ ਸੀ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਗਤਾਰ ਸਿੰਘ ਹਵਾਰਾ ‘ਤੇ ਸੀਆਰਪੀਸੀ ਦੀ ਧਾਰਾ 268 ਲਗਾਈ ਗਈ ਸੀ। ਇਸ ਤਹਿਤ ਮੁਲਜ਼ਮ ਨੂੰ ਜੇਲ ਤੋਂ ਬਾਹਰ ਲਿਜਾਣ ਅਤੇ ਅਦਾਲਤ ਵਿਚ ਪੇਸ਼ ਕਰਨ ’ਤੇ ਪਾਬੰਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਕਮਲਦੀਪ ਸਿੰਘ ਸਿੱਧੂ ਨੇ ਕਿਹਾ ਕਿ ਸੀਆਰਪੀਸੀ ਦੀ ਧਾਰਾ 268 ਤਹਿਤ ਕਿਸੇ ਵੀ ਸਰਕਾਰ ਕੋਲ ਕਿਸੇ ਵੀ ਦੋਸ਼ੀ ਨੂੰ ਜੇਲ ਤੋਂ ਬਾਹਰ ਆਉਣ ਤੋਂ ਰੋਕਣ ਦਾ ਅਧਿਕਾਰ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਪਹਿਲਾਂ ਵੀ ਇਕ ਮਾਮਲੇ ਵਿਚ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਚੁੱਕੀ ਹੈ। 22 ਨਵੰਬਰ ਨੂੰ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਨੂੰ ਸੈਕਟਰ 36 ਵਿਚ ਦਰਜ ਕੇਸ ਵਿਚੋਂ ਬਰੀ ਕਰ ਦਿੱਤਾ ਸੀ।