ਸੱਤਾ ਦੇ ਨਸ਼ੇ ‘ਚ ਚੂਰ ਮੰਤਰੀ ਅਜੈ ਮਿਸ਼ਰਾ ਟੈਨੀ ਕਿਸਾਨਾਂ ਨੂੰ “ਕੁੱਤੇ” ਕਹਿ ਰਿਹਾ, ਭਾਜਪਾ ਇਸ ਨੂੰ ਤੁਰੰਤ ਬਰਖਾਸਤ ਕਰੇ : ਖਹਿਰਾ

0
1266


ਚੰਡੀਗੜ੍ਹ | ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਕਿਸਾਨਾਂ ਬਾਰੇ ਬਿਆਨਬਾਜ਼ੀ ਕਰਕੇ ਮੁੜ ਵਿਵਾਦਾਂ ਵਿੱਚ ਘਿਰ ਗਿਆ ਹੈ। ਭੁਲੱਬ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਇੱਥੋਂ ਤੱਕ ਤਾਂ ਮੁਗਲਾਂ ਜਾਂ ਅੰਗਰੇਜ਼ਾਂ ਨੇ ਵੀ ਭਾਰਤ ਦੇ ਕਿਸਾਨਾਂ ਦਾ ਮਜ਼ਾਕ ਨਹੀਂ ਉਡਾਇਆ ਹੋਵੇਗਾ, ਜਿਸ ਤਰ੍ਹਾਂ ਇਹ ਸੱਤਾ ਦੇ ਨਸ਼ੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਉਨ੍ਹਾਂ ਨੂੰ “ਕੁੱਤੇ” ਕਹਿ ਰਿਹਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਤੁਸੀਂ ਨਿਰਦੋਸ਼ ਕਿਸਾਨਾਂ ਤੇ ਪੱਤਰਕਾਰਾਂ ਨੂੰ ਮਾਰਦੇ ਹੋ ਤੇ ਫਿਰ ਉਨ੍ਹਾਂ ਨੂੰ “ਕੁੱਤੇ” ਕਹਿੰਦੇ ਹੋ ਸ਼ਰਮਨਾਕ! ਜੇਕਰ ਬੀਜੇਪੀ ਵਿੱਚ ਇਨਸਾਨੀਅਤ ਦਾ ਜ਼ਰਾ ਵੀ ਸਤਿਕਾਰ ਹੈ ਤਾਂ ਉਸ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ।

ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਤੋਂ ਸੰਸਦ ਮੈਂਬਰ ਅਤੇ ਮੌਜੂਦਾ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਉਹ ਕਿਸਾਨਾਂ ਬਾਰੇ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ। ਉਨ੍ਹਾਂ ਨੇ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੂੰ ਅਪਸ਼ਬਦ ਕਹਿੰਦੇ ਹੋਏ ਵਿਵਾਦਤ ਬਿਆਨ ਦਿੱਤਾ ਹੈ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।  ਅਜੈ ਮਿਸ਼ਰਾ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਦੋ ਕੌਡੀ ਦਾ ਬੰਦਾ ਦੱਸਿਆ ਹੈ।

ਲਖੀਮਪੁਰ ਖੇੜੀ ਕਾਂਡ ਤੋਂ ਲਗਾਤਾਰ ਵਿਵਾਦਾਂ ਵਿੱਚ ਰਹਿਣ ਵਾਲੇ ਭਾਜਪਾ ਦੇ ਸੰਸਦ ਮੈਂਬਰ ਤੇ ਮੰਤਰੀ ਅਜੈ ਮਿਸ਼ਰਾ ਟੈਨੀ ਨੇ ਹੁਣ ਇੱਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ‘ਤੇ ਵਿਵਾਦਤ ਟਿੱਪਣੀ ਕਰਦਿਆਂ ਕਿਹਾ, “ਜਦੋਂ ਹਾਥੀ ਚਲਦਾ ਹੈ ਤਾਂ ਕੁੱਤੇ ਭੌਂਕਦੇ ਰਹਿੰਦੇ ਹਨ। ਕਈ ਵਾਰ ਸੜਕ ‘ਤੇ ਕੁੱਤੇ ਭੌਂਕਦੇ ਹਨ। ਕਈ ਵਾਰ ਤਾਂ ਉਹ ਕਾਰ ਦੇ ਮਗਰ ਭੱਜਣ ਵੀ ਲੱਗ ਜਾਂਦੇ ਹਨ ਪਰ ਉਹ ਉਨ੍ਹਾਂ ਦਾ ਸੁਭਾਅ ਹੁੰਦਾ ਹੈ, ਇਸ ਲਈ ਮੈਂ ਕੁਝ ਨਹੀਂ ਕਹਾਂਗਾ। ਉਹ ਆਪਣੇ ਸੁਭਾਅ ਅਨੁਸਾਰ ਵਿਹਾਰ ਕਰਦਾ ਹੈ ਪਰ ਸਾਡਾ ਲੋਕਾਂ ਦਾ ਅਜਿਹਾ ਸੁਭਾਅ ਨਹੀਂ ਹੈ।

ਮੰਤਰੀ ਨੇ ਅੱਗੇ ਕਿਹਾ, “ਮੈਂ ਹਰ ਵਿਅਕਤੀ ਨੂੰ ਪੂਰਾ ਜਵਾਬ ਦਿੰਦਾ ਹਾਂ ਪਰ ਤੁਹਾਡੇ ਵਿਸ਼ਵਾਸ ਨੇ ਮੈਨੂੰ ਤਾਕਤ ਦਿੱਤੀ ਹੈ, ਜਿਸ ਨਾਲ ਮੇਰੇ ਵਿੱਚ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ਆਇਆ ਹੈ। ਮੈਂ ਕਹਾਂਗਾ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਤਾਕਤ ਦਿੰਦੇ ਰਹੋ। ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵੇਗੀ। ਮੈਂ ਰਾਕੇਸ਼ ਟਿਕੈਤ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਦੋ ਕੌਡੀ ਦਾ ਆਦਮੀ ਹੈ। ਉਸ ਨੇ ਦੋ ਵਾਰ ਚੋਣ ਲੜੀ ਤੇ ਦੋ ਵਾਰ ਜ਼ਮਾਨਤ ਜ਼ਬਤ ਹੋ ਗਈ। ਜੇਕਰ ਅਜਿਹਾ ਵਿਅਕਤੀ ਕਿਸੇ ਦਾ ਵਿਰੋਧ ਕਰਦਾ ਹੈ ਤਾਂ ਉਸ ਦਾ ਕੋਈ ਮਤਲਬ ਨਹੀਂ ਬਣਦਾ। ਇਸ ਲਈ ਮੈਂ ਅਜਿਹੇ ਲੋਕਾਂ ਨੂੰ ਜਵਾਬ ਨਹੀਂ ਦਿੰਦਾ।
ਉਨ੍ਹਾਂ ਕਿਹਾ, “ਅਜਿਹੇ ਲੋਕਾਂ ਦਾ ਜਵਾਬ ਦੇਣਾ ਕੋਈ ਜਾਇਜ਼ ਨਹੀਂ ਹੁੰਦਾ ਹੈ ਪਰ ਉਨ੍ਹਾਂ ਦੀ ਰਾਜਨੀਤੀ ਇਸੇ ਨਾਲ ਚੱਲ ਰਹੀ ਹੈ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਇਸੇ ਤੋਂ ਚੱਲ ਰਹੀ ਹੈ, ਤਾਂ ਉਹ ਆਪਣਾ ਚਲਾਉਣ। ਇਸ ਦਾ ਜਵਾਬ ਸਮਾਂ ਆਉਣ ‘ਤੇ ਦਿੱਤਾ ਜਾਵੇਗਾ ਪਰ ਮੈਂ ਐਨਾ ਕਹਿ ਸਕਦਾ ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਗਲਤ ਕੰਮ ਨਹੀਂ ਕੀਤਾ। ਮੈਂ ਸਹੀ ਲਈ ਲੜ ਰਿਹਾ ਹਾਂ, ਮੈਂ ਕੋਈ ਗਲਤ ਕੰਮ ਨਹੀਂ ਕੀਤਾ।