ਅੰਮ੍ਰਿਤਸਰ| ਇਕ ਵਾਰ ਫਿਰ ਪੰਜਾਬ ਨੂੰ ਸੁਲਗਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਖੁਫੀਆ ਜਾਣਕਾਰੀ ਮੁਤਾਬਕ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਹਮਲੇ ਦਾ ਖਦਸ਼ਾ ਹੈ। ਇਹ ਹਮਲਾ ਦੇਸ਼ ਵਿਰੋਧੀ ਅਨਸਰ ਕਰ ਸਕਦੇ ਹਨ ਤਾਂ ਕਿ ਉਨ੍ਹਾਂ ਦੇ ਸਮਰਥਕ ਭੜਕਣ। ਇਹ ਹਮਲਾ ਕੌਣ ਕਰੇਗਾ, ਇਸ ਬਾਰੇ ਸਪੱਸ਼ਟ ਇਨਪੁਟ ਨਹੀਂ ਹੈ।
ਖੁਫੀਆ ਏਜੰਸੀਆਂ ਨੇ ਕਿਹਾ ਕਿ ਅੰਮ੍ਰਿਤਪਾਲ ‘ਤੇ ਹਮਲੇ ਦਾ ਖਦਸ਼ਾ ਹੈ ਅਤੇ ਇਸ ਸੰਬੰਧੀ ਪੰਜਾਬ ਪੁਲਿਸ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਵਿੱਚ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਪੰਜਾਬ ਦੀ ਕਾਨੂੰਨ ਵਿਵਸਥਾ ਸਣੇ ਹੋਰ ਮੁੱਦਿਆਂ ਨੂੰ ਲੈ ਕੇ ਹੋ ਰਹੀ ਬੈਠਕ ਵਿੱਚ ਅੰਮ੍ਰਿਤਪਾਲ ਸਿੰਘ ਵੀ ਇੱਕ ਮੁੱਦਾ ਹੈ।
ਕੇਂਦਰੀ ਖੁਫੀਆ ਜਾਂਚ ਏਜੰਸੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਲਈ ਦੇਸ਼ ਵਿਰੋਧੀ ਤਾਕਤਾਂ ਅਜਿਹੀਆਂ ਸਾਜ਼ਿਸ਼ਾਂ ਰਚਣ ਦੀ ਤਿਆਰੀ ਵਿੱਚ ਹਨ। ਅਜਿਹਾ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ‘ਤੇ ਕਿਸੇ ਵੀ ਹਮਲੇ ਨੂੰ ਲੈ ਕੇ ਉਨ੍ਹਾਂ ਦੇ ਸਮਰਥਕ ਭੜਕ ਸਕਦੇ ਹਨ।
ਕੇਂਦਰੀ ਖੁਫੀਆ ਏਜੰਸੀਆਂ ਨੇ ਆਪਣੇ ਅਲਰਟ ਵਿੱਚ ਕਿਹਾ ਹੈ ਕਿ ਸੰਸਥਾ ‘ਵਾਰਿਸ ਪੰਜਾਬ ਦੇ’ ਦੇ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਹਨ, ਉਨ੍ਹਾਂ ਨੂੰ ਆਉਣ ਵਾਲੇ ਫੰਡਸ ਦੀ ਜਾਂਚ ਹੋਵੇ। ਪੰਜਾਬ ਪੁਲਿਸ ਦੇ ਨਾਲ-ਨਾਲ ਹੋਰ ਏਜੰਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਜ਼ਿਲ੍ਹਾ ਪ੍ਰਧਾਨ ਨੂੰ ਜੋ ਫੰਡ ਆ ਰਿਹਾ ਹੈ, ਉਹ ਕਿੱਥੋਂ ਆ ਰਿਹਾ ਹੈ? ਕਿਵੇਂ ਆ ਰਿਹਾ ਹੈ? ਕਿਸ ਵੱਲੋਂ ਆ ਰਿਹਾ ਹੈ? ਇਸ ਬਾਰੇ ਪੂਰੀ ਜਾਣਕਾਰੀ ਜੁਟਾ ਕੇ ਖੁਫੀਆ ਏਜੰਸੀਆਂ ਨਾਲ ਸਾਂਝਾ ਕਰਨ।