ਅਯੋਧਿਆ ‘ਚ ਲੰਗਰ ਲਾਉਣਗੇ ਨਿਹੰਗ ਸਿੰਘ, ਦਾਅਵਾ- ਰਾਮ ਮੰਦਿਰ ਲਈ ਸਭ ਤੋਂ ਪਹਿਲੀ ਲੜਾਈ ਸਿੱਖਾਂ ਨੇ ਲੜੀ

0
1316

ਚੰਡੀਗੜ੍ਹ, 18 ਦਸੰਬਰ| 22 ਜਨਵਰੀ 2024 ਨੂੰ ਅਯੁੱਧਿਆ ਵਿੱਚ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਨਾ ਮੌਕੇ ਪੰਜਾਬ ਤੋਂ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਵਿੱਚ ਨਿਹੰਗ ਸਿੰਘਾਂ ਦਾ ਇੱਕ ਜਥਾ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕਰੇਗਾ। ਇਹ ਐਲਾਨ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਜਥੇਦਾਰ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕੀਤਾ।

ਬਾਬਰੀ ਮਸਜਿਦ ‘ਤੇ ਸਭ ਤੋਂ ਪਹਿਲਾਂ ਨਿਹੰਗਾਂ ਦਾ ਸੀ ਕਬਜ਼ਾ 
ਸ਼੍ਰੀ ਰਾਮ ਪ੍ਰਤੀ ਨਿਹੰਗ ਸਿੰਘਾਂ ਦੀ ਸ਼ਰਧਾ ਦਾ ਜ਼ਿਕਰ ਕਰਦਿਆਂ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਬਾਬਰੀ ਮਸਜਿਦ ’ਤੇ ਸਭ ਤੋਂ ਪਹਿਲਾਂ ਨਿਹੰਗ ਸਿੰਘਾਂ ਨੇ ਕਬਜ਼ਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਨਵੰਬਰ 1858 ਵਿੱਚ ਨਿਹੰਗ ਬਾਬਾ ਫਕੀਰ ਸਿੰਘ ਦੀ ਅਗਵਾਈ ਵਿੱਚ 25 ਨਿਹੰਗ ਸਿੰਘਾਂ ਨੇ ਬਾਬਰੀ ਮਸਜਿਦ ’ਤੇ ਕਬਜ਼ਾ ਕਰਕੇ ਇਸ ਵਿੱਚ ਹਵਨ ਕੀਤਾ ਅਤੇ ਦੀਵਾਰਾਂ ’ਤੇ ਰਾਮ-ਰਾਮ ਲਿਖਦੇ ਹੋਏ ਭਗਵਾਂ ਝੰਡਾ ਵੀ ਲਹਿਰਾਇਆ।

ਇਸ ਤੋਂ ਬਾਅਦ, ਅਵਧ ਦੇ ਥਾਣੇਦਾਰ ਨੇ ਬਾਬਰੀ ਮਸਜਿਦ ਦੇ ਤਤਕਾਲੀ ਮੁਆਜ਼ਿਮ (ਮਸਜਿਦ ਅਧਿਕਾਰੀ) ਦੀ ਸ਼ਿਕਾਇਤ ‘ਤੇ 30 ਨਵੰਬਰ, 1858 ਨੂੰ ਉਨ੍ਹਾਂ 25 ਨਿਹੰਗ ਸਿੰਘਾਂ ਵਿਰੁੱਧ ਐਫਆਈਆਰ ਦਰਜ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਨਿਹੰਗ ਸਿੰਘਾਂ ਖ਼ਿਲਾਫ਼ ਦਰਜ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਨਿਹੰਗ ਸਿੱਖ ਬਾਬਰੀ ਮਸਜਿਦ ਵਿੱਚ ਦਾਖ਼ਲ ਹੋ ਗਏ ਸਨ ਅਤੇ ਉੱਥੇ ਰਾਮ ਨਾਮ ਨਾਲ ਹਵਨ ਕਰ ਰਹੇ ਸਨ। ਮਾਮਲੇ ਵਿੱਚ ਨਿਹੰਗ ਬਾਬਾ ਫਕੀਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ।

ਸਨਾਤਨ ਹਿੰਦੂ ਧਰਮ ਦਾ ਅਨਿੱਖੜਵਾਂ ਅੰਗ ਹੈ ਸਿੱਖ ਧਰਮ
ਉਨ੍ਹਾਂ ਕਿਹਾ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਵੱਖਰਾ ਮੰਨਣ ਵਾਲੇ ਕੱਟੜਪੰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਮ ਮੰਦਰ ਲਈ ਪਹਿਲੀ ਐਫਆਈਆਰ ਹਿੰਦੂਆਂ ਵਿਰੁੱਧ ਨਹੀਂ, ਸਗੋਂ ਸਿੱਖਾਂ ਵਿਰੁੱਧ ਸੀ। ਉਨ੍ਹਾਂ ਕਿਹਾ ਕਿ ਸਿੱਖ ਸਨਾਤਨ ਹਿੰਦੂ ਧਰਮ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਅਤੇ ਧਰਮ ਦੀ ਰੱਖਿਆ ਕਰਨ ਵਾਲੇ ਯੋਧੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹਨ। ਉਹ ਕੇਵਲ ਸਦੀਵੀ ਪਰੰਪਰਾਵਾਂ ਦੇ ਧਾਰਨੀ ਹਨ। ਉਹ ਕਈ ਵਾਰ ਅਯੁੱਧਿਆ ਜਾ ਚੁੱਕੇ ਹਨ। ਉਨ੍ਹਾਂ ਨੇ ਹੁਣ ਮੂਰਤੀ ਸਥਾਪਨਾ ਦੇ ਮੌਕੇ ‘ਤੇ 22 ਜਨਵਰੀ ਨੂੰ ਅਯੁੱਧਿਆ ‘ਚ ਲੰਗਰ ਲਗਾਉਣ ਦਾ ਫੈਸਲਾ ਕੀਤਾ ਹੈ।