ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਜਸ਼ਨਾਂ ਅਧੀਨ ਵਿਦਿਆਰਥੀਆਂ ਦੀ ਇਨੋਵੇਸ਼ਨ ਕਾਂਗਰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਅਤੇ ਹਰਿਆਣਾ ਦੇ 100 ਤੋਂ ਵੱਧ ਤੇ 7ਵੀਂ ਤੋਂ 12ਵੀਂ ਕਲਾਸ ਦੇ ਸਕੂਲੀ ਵਿਦਿਆਰਥੀਆਂ ਨੇ ਨਵੀਆਂ-ਨਵੀਆਂ ਕਾਢਾਂ ‘ਤੇ ਆਧਾਰਿਤ ਮਾਡਲ ਦਾ ਪ੍ਰਦਰਸ਼ਨ ਕੀਤਾ।
ਇਸ ਪ੍ਰੋਗਰਾਮ ਦਾ ਸਿਰਲੇਖ “ਸਥਾਈ ਜੀਵਿਕਾ, ਜਲਵਾਯੂ ਪਰਿਵਰਤਨ, ਊਰਜਾ, ਸ਼ਹਿਰਾਂ ਅਤੇ ਸਥਾਈ ਸਮਾਜ ਸਨ। ਇਸ ਪ੍ਰੋਗਰਾਮ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਵਿਚ ਖੋਜ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਖੁਦ ਨੂੰ ਖੋਜਾਂ ਵੱਲ ਲਗਾਉਣ, ਖੋਜਕਾਰੀ ਸਿੱਖਿਆ ਅਤੇ ਅਜਿਹੇ ਨਵੇਂ ਵਿਚਾਰਾਂ ਦਾ ਪਤਾ ਲਗਾਉਣਾ ਹੈ, ਜਿਨ੍ਹਾਂ ਨਾਲ ਆਲ਼ੇ-ਦੁਆਲੇ ਦੀ ਦੁਨੀਆ ਨੂੰ ਬਦਲਿਆ ਜਾ ਸਕਦਾ ਹੈ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨਵੀਆਂ-ਨਵੀਆਂ ਕਾਢਾਂ ਵੱਲ ਉਤਸ਼ਾਹਿਤ ਕਰਨ ਲਈ ਬਹੁਤ ਸਹਾਇਕ ਹੁੰਦੇ ਹਨ। ਇਸ ਦੌਰਾਨ ਉਨ੍ਹਾਂ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ‘ਤੇ ਜ਼ੋਰ ਦਿੱਤਾ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਵਾਤਾਵਰਣ ਸਥਿਰਤਾ ਅਤੇ ਆਰਥਿਕ ਵਿਕਾਸ ਵਿਚ ਨਵੀਆਂ-ਨਵੀਆਂ ਕਾਢਾਂ ਦੀ ਭੂਮਿਕਾ ਤੋਂ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਐਨ.ਆਈ.ਟੀ. ਜਲੰਧਰ ਦੇ ਸਹਾਇਕ ਪ੍ਰੋਫ਼ੈਸਰ ਡਾ. ਮਹੇਸ਼ ਕੁਮਾਰ ਸਾਹਾ ਨੇ ਬੱਚਿਆਂ ਵੱਲੋਂ ਤਿਆਰ ਖੋਜ-ਭਰਪੂਰ ਮਾਡਲਾਂ ਦਾ ਨਿਰੀਖਣ ਕੀਤਾ। ਵਿਦਿਆਰਥੀਆਂ ਦੀ ਇਨੋਵੇਸ਼ਨ ਕਾਂਗਰਸ ਵਿਚ ਪਹਿਲਾ ਇਨਾਮ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਛੇਹਾਰਟਾ ਅੰਮ੍ਰਿਤਸਰ ਦੇ ਹਿਮੰਤ ਸਿੰਘ ਤੇ ਦੂਜਾ ਸਵਾਮੀ ਵਿਵੇਕਾਨੰਦ ਸਕੂਲ ਹਰਿਆਣਾ ਦੇ ਰਾਮਰਤਨ ਅਤੇ ਅਰਮਾਨ ਨੇ ਜਿੱਤਿਆ ਜਦੋਂਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਬੋਵਾਲ ਅੰਮ੍ਰਿਤਸਰ ਦੀਆਂ ਜਸ਼ਨ ਕੌਰ ਅਤੇ ਅਮਨਦੀਪ ਕੌਰ ਤੀਸਰੇ ਸਥਾਨ ‘ਤੇ ਰਹੀਆਂ।








































