ਕੈਲਗਰੀ (ਕੈਨੇਡਾ), 27 ਜਨਵਰੀ | ਕੈਨੇਡਾ ਦੇ ਕੈਲਗਰੀ ਵਿੱਚ ਰਹਿ ਰਹੇ ਮਸ਼ਹੂਰ ਪੰਜਾਬੀ ਗਾਇਕ ਅਤੇ ਕਲਾਕਾਰ ਵੀਰ ਦਵਿੰਦਰ ਦੇ ਘਰ ਨੂੰ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਉਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਅਣਪਛਾਤੇ ਹਮਲਾਵਰਾਂ ਨੇ ਗਾਇਕ ਦੇ ਰਿਹਾਇਸ਼ੀ ਘਰ ’ਤੇ ਤਾਬੜਤੋੜ ਗੋਲੀਆਂ ਚਲਾਈਆਂ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਘਟਨਾ ਦੇ ਸਮੇਂ ਗਾਇਕ ਅਤੇ ਉਨ੍ਹਾਂ ਦਾ ਪਰਿਵਾਰ ਘਰ ਵਿੱਚ ਮੌਜੂਦ ਨਹੀਂ ਸੀ।
ਮਿਲੀ ਜਾਣਕਾਰੀ ਮੁਤਾਬਕ ਇਹ ਵਾਰਦਾਤ 24 ਜਨਵਰੀ ਦੀ ਰਾਤ ਨੂੰ ਲਗਭਗ 10:30 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋ ਹਮਲਾਵਰ ਮੌਕੇ ’ਤੇ ਪਹੁੰਚੇ ਸਨ, ਜਿਨ੍ਹਾਂ ਵਿੱਚੋਂ ਇੱਕ ਗੋਲੀਆਂ ਚਲਾ ਰਿਹਾ ਸੀ ਅਤੇ ਦੂਜਾ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਰਿਹਾ ਸੀ। ਗੋਲੀਆਂ ਘਰ ਦੇ ਸ਼ੀਸ਼ੇ ਤੋੜਦੀਆਂ ਹੋਈਆਂ ਬੈੱਡਰੂਮ ਅਤੇ ਬਾਥਰੂਮ ਦੀਆਂ ਕੰਧਾਂ ਵਿੱਚ ਜਾ ਲੱਗੀਆਂ।
ਗਾਇਕ ਵੀਰ ਦਵਿੰਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਬੀਤੀ 6 ਜਨਵਰੀ ਨੂੰ ‘ਆਂਡਾ (ਬਟਾਲਾ)’ ਨਾਮ ਦੇ ਇੱਕ ਵਿਅਕਤੀ ਦਾ ਧਮਕੀ ਭਰਿਆ ਫੋਨ ਆਇਆ ਸੀ। ਮੁਲਜ਼ਮਾਂ ਨੇ ਉਨ੍ਹਾਂ ਤੋਂ 5 ਲੱਖ ਕੈਨੇਡੀਅਨ ਡਾਲਰ (ਲਗਭਗ 4 ਕਰੋੜ ਭਾਰਤੀ ਰੁਪਏ) ਦੀ ਫਿਰੌਤੀ ਮੰਗੀ ਸੀ। ਜਦੋਂ ਵੀਰ ਦਵਿੰਦਰ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਗੈਂਗਸਟਰਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਵੀਰ ਦਵਿੰਦਰ ਨੇ ਦਲੇਰੀ ਦਿਖਾਉਂਦਿਆਂ ਪੁਲਿਸ ਨੂੰ ਦੱਸਿਆ ਕਿ ਜਦੋਂ ਧਮਕੀ ਦੇਣ ਵਾਲੇ ਨੇ ਉਨ੍ਹਾਂ ਨੂੰ ਮਾਰਨ ਦੀ ਗੱਲ ਕਹੀ, ਤਾਂ ਉਨ੍ਹਾਂ ਦਾ ਜਵਾਬ ਸੀ, “ਮਾਰ ਦਿਓ।” ਵੀਰ ਦਵਿੰਦਰ ਜੋ ਕਿ ਮੂਲ ਰੂਪ ਵਿੱਚ ਬਠਿੰਡਾ ਦੇ ਰਹਿਣ ਵਾਲੇ ਹਨ, ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਕੇ ਗਾਇਕੀ ਦੇ ਨਾਲ-ਨਾਲ ਕੰਸਟ੍ਰਕਸ਼ਨ ਦਾ ਕਾਰੋਬਾਰ ਵੀ ਕਰਦੇ ਹਨ।
ਕੈਲਗਰੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਇਹ ਹਮਲਾ ਸਿੱਧੇ ਤੌਰ ’ਤੇ ਫਿਰੌਤੀ ਨਾ ਦੇਣ ਕਾਰਨ ਕੀਤਾ ਗਿਆ ਲੱਗਦਾ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਅਤੇ ਕਲਾਕਾਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਪਰਵਾਸੀ ਪੰਜਾਬੀਆਂ ਵਿੱਚ ਭਾਰੀ ਰੋਸ ਅਤੇ ਡਰ ਪਾਇਆ ਜਾ ਰਿਹਾ ਹੈ।

































