ਭੁਵਨੇਸ਼ਵਰ : ਭਾਰਤ ਦੀ ਦੌੜਾਕ ਦੁਤੀ ਚੰਦ ਨੂੰ ਵੱਡਾ ਝਟਕਾ ਲੱਗਾ ਹੈ। ਦੁਤੀ ਚੰਦ ਡੋਪ ਟੈਸਟ ‘ਚ ਫੇਲ੍ਹ ਹੋ ਗਈ ਹੈ। ਨਤੀਜੇ ਵਜੋਂ ਉਸ ‘ਤੇ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ। ਪਾਬੰਦੀ ਦੀ ਮਿਆਦ 3 ਜਨਵਰੀ ਤੋਂ ਲਾਗੂ ਹੋਵੇਗੀ। ਦੁਤੀ ਨੂੰ ਆਪਣਾ ਪੱਖ ਪੇਸ਼ ਕਰਨ ਲਈ 21 ਦਿਨਾਂ ਦਾ ਸਮਾਂ ਮਿਲਿਆ ਹੈ
ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ ਨੇ ਕਿਹਾ ਕਿ ਦੁਤੀ ਦੇ ਇਸ ਤਰੀਕ ਤੋਂ ਹੁਣ ਤਕ ਦੇ ਸਾਰੇ ਮੁਕਾਬਲਿਆਂ ‘ਚ ਪ੍ਰਦਰਸ਼ਨ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਦੁਤੀ ਨੂੰ ਸਜ਼ਾ ਦੇ ਖਿਲਾਫ ਡੋਪਿੰਗ ਰੋਕੂ ਅਪੀਲ ਪੈਨਲ ਸਾਹਮਣੇ ਆਪਣਾ ਪੱਖ ਪੇਸ਼ ਕਰਨ ਲਈ 21 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਏਡੀਡੀਪੀ ਸਾਹਮਣੇ ਸੁਣਵਾਈ ਦੌਰਾਨ ਭਾਵੇਂ ਦੁਤੀ ਨੇ ਪਾਬੰਦੀਸ਼ੁਦਾ ਦਵਾਈ ਲੈਣ ਤੋਂ ਇਨਕਾਰ ਕੀਤਾ ਪਰ ਉਹ ਆਪਣੀ ਬੇਗੁਨਾਹੀ ਸਾਬਤ ਨਹੀਂ ਕਰ ਸਕੀ। ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਧਾਰਾ 2.1, 2.2 ਦਾ ਉਲੰਘਣ ਕਰਨ ਲਈ ਦੁਤੀ ‘ਤੇ ਚਾਰ ਸਾਲ ਲਈ ਪਾਬੰਦੀ ਲਗਾਈ ਹੈ।
ਜ਼ਿਕਰਯੋਗ ਹੈ ਕਿ 2018 ਜਕਾਰਤਾ ਏਸ਼ਿਆਈ ਖੇਡਾਂ ‘ਚ 100 ਮੀਟਰ ਅਤੇ 200 ਮੀਟਰ ਦੌੜ ‘ਚ ਦੋ ਚਾਂਦੀ ਦੇ ਤਗਮੇ ਜਿੱਤਣ ਵਾਲੀ ਦੁਤੀ ਦਾ 5 ਅਤੇ 26 ਦਸੰਬਰ, 2022 ਨੂੰ ਭੁਵਨੇਸ਼ਵਰ ‘ਚ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਡੋਪ ਕੰਟਰੋਲ ਅਧਿਕਾਰੀਆਂ ਵੱਲੋਂ ਦੋ ਵਾਰ ਟੈਸਟ ਕੀਤਾ ਗਿਆ ਸੀ। ਜਦੋਂਕਿ ਉਸਦੇ ਪਹਿਲੇ ਨਮੂਨੇ ‘ਚ ਐਨਾਬੋਲਿਕ ਏਜੰਟ ਐਂਡਾਰਿਨ, ਓਸਟਰਿਨ ਤੇ ਲਿਗੈਂਡਰੋਲ ਦੀ ਮੌਜੂਦਗੀ ਦਾ ਖੁਲਾਸਾ ਹੋਇਆ, ਦੂਜੇ ਨਮੂਨੇ ‘ਚ ਐਂਡਾਰਿਨ ਤੇ ਓਸਟਾਰਾਈਨ ਪਾਏ ਗਏ ਸਨ।
ਦੁਤੀ ਕੋਲ ਉਦੋਂ ਐਡਵਰਸ ਐਨਾਲਿਟੀਕਲ ਫਾਈਂਡਿੰਗ (AAF) ਨੋਟਿਸ ਦੀ ਪ੍ਰਾਪਤੀ ਦੀ ਮਿਤੀ ਤੋਂ ਸੱਤ ਦਿਨਾਂ ਦੀ ਮਿਆਦ ਦੇ ਅੰਦਰ ਆਪਣੇ ‘ਬੀ’ ਨਮੂਨੇ ਦੀ ਜਾਂਚ ਲਈ ਜਾਣ ਦਾ ਵਿਕਲਪ ਸੀ। ਹਾਲਾਂਕਿ, ਉਨ੍ਹਾਂ ਇਸਦਾ ਵਿਕਲਪ ਨਹੀਂ ਚੁਣਿਆ ਤੇ ਇਸਦੇ ਨਤੀਜੇ ਵਜੋਂ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਦੁਆਰਾ ਇੱਕ ਅਸਥਾਈ ਮੁਅੱਤਲ ਕੀਤਾ ਗਿਆ।