ਕਪੂਰਥਲਾ | ਭਾਰਤ ਏਸ਼ੀਆ ਦਾ ਸਭ ਤੋਂ ਵੱਧ ਜੋਖਮ ਭਰਿਆ ਦੇਸ਼ ਹੈ ਤੇ ਸਾਨੂੰ ਆਏ ਦਿਨ ਲਗਾਤਾਰ ਹੜ੍ਹ, ਸੋਕਾ, ਭੂ-ਖਿਸਕਣ, ਬਰਫ਼ੀਲੇ ਤੂਫ਼ਾਨਾਂ, ਚੱਕਰਵਾਤਾਂ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਹੜ੍ਹਾਂ ਭੂਚਾਲਾਂ, ਸੋਕਿਆਂ ਅਤੇ ਦੂਸਰੀਆਂ ਕੁਦਰਤੀ ਆਫ਼ਤਾਂ ਨੇ ਸਾਡੇ ਨੱਕ ਵਿਚ ਦਮ ਕਰ ਕੇ ਰੱਖ ਦਿੱਤਾ। ਇਹਨਾਂ ਆਫ਼ਤਾਂ ਕਾਰਨ ਲੱਖਾਂ ਜਾਨਾਂ ਹਰ ਸਾਲ ਖਤਰੇ ਵਿਚ ਪੈਦੀਆਂ ਹਨ ਅਤੇ ਵੱਡੀ ਪੱਧਰ ‘ਤੇ ਵਿੱਤੀ, ਖੇਤਬਾੜੀ ਅਤੇ ਉਤਪਾਦ ਦਾ ਘਾਟਾ ਸਾਨੂੰ ਹਰ ਸਾਲ ਸਹਿਣਾ ਪੈਦਾ ਹੈ, ਇਸ ਕਾਰਨ ਦੇਸ਼ ਦਾ ਸਾਰਾ ਵਿਕਾਸ ਖੜੋਤ ਵਿਚ ਆ ਜਾਂਦਾ ਹੈ।
ਬੀਤੇ ਦੋ ਦਹਾਕਿਆਂ ਵਿਚ ਵਿਕਾਸਸ਼ੀਲ ਦੇਸ਼ਾਂ ਦੇ 95 ਫ਼ੀਸਦੀ ਚੋਂ 13 ਲੱਖ ਲੋਕਾਂ ਦੀ ਮੌਤ ਅਤੇ 440 ਕਰੋੜ ਤੋਂ ਵੱਧ ਲੋਕ ਇਹਨਾਂ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਹਨ। ਇਹਨਾਂ ਵਿਚੋਂ ਵਿਸ਼ਵ ਪੱਧਰ ‘ਤੇ ਬਹੁਤ ਜ਼ਿਆਦਾ ਵਿਕਾਸਸ਼ੀਲ ਦੇਸ਼ਾਂ ਵਿਚ 2 ਫ਼ੀਸਦੀ ਮੌਤਾਂ ਸਿਰਫ਼ ਚੱਕਰਵਤਾ ਕਾਰਨ ਦਰਜ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਕੁਦਰਤੀ ਆਫ਼ਤ ਪ੍ਰਬੰਧਨ ਦਿਵਸ ਮੌਕੇ ਕਰਵਾਏ ਗਏ ਵੈਬੀਨਾਰ ਦੌਰਾਨ ਨੈਸ਼ਨਲ ਡਿਜਾਸਟਰ ਰਿਸਪੋਂਸ ਫ਼ੋਰਸ 7 ਬਟਾਲੀਅਨ ਬਠਿੰਡਾ ਦੇ ਕਮਾਂਡਟ ਰਵੀ ਕੁਮਾਰ ਪੰਡਿਤਾ ਨੇ ਦਿੱਤੀ।

ਰਵੀ ਕੁਮਾਰ ਨੇ ਦੱਸਿਆ – ਕਿ ਗਰੀਬ ਸਮਾਜਿਕ ਤੇ ਆਰਥਿਕ ਹਲਾਤਾਂ ਦੇ ਨਾਲ-ਨਾਲ ਸਾਨੂੰ ਇਹਨਾਂ ਬਿਪਤਾਵਾਂ ਦਾ ਵੀ ਸਾਹਮਣਾ ਕਰਨਾ ਪੈਦਾ ਕਿਉਂ ਕਿ ਭੂਗੋਲਿਕ ਸਥਿਤੀ ਪੱਖੋਂ ਭਾਰਤ ਦਾ 80 ਫ਼ੀਸਦੀ ਇਲਾਕਾ ਚਕਰਵਾਤਾ, ਹੜ੍ਹਾਂ, ਸੁਨਾਮੀ ,ਸੋਕੇ ਆਦਿ ਕਰਕੇ ਕਮਜੋਰ ਹੈ। ਇਸ ਕਰਕੇ ਇਹਨਾਂ ਆਫ਼ਤਾਂ ਨਾਲ ਨਜਿੱਠਣ ਲਈ ਰਾਸ਼ਟਰੀ ਅਤੇ ਸੂਬਾ ਪੱਧਰ ‘ਤੇ ਆਫ਼ਤ ਪ੍ਰਬੰਧਨ ਸੰਸਥਾਵਾਂ ਦੀ ਸਥਾਪਨਾ ਬਹੁਤ ਜ਼ਰੂਰੀ ਹੈ। ਇਹਨਾਂ ਸੰਸਥਾਵਾਂ ਸਦੱਕਾ ਆਫ਼ਤ ਸਮੇਂ ਸ਼ਹਿਰਾਂ ਅਤੇ ਪਿੰਡਾਂ ਦੀ ਪੱਧਰ ‘ਤੇ ਲੋਕਾਂ ਨਾਲ ਪਹੁੰਚ ਕੀਤੀ ਜਾ ਸਕਦੀ ਹੈ। ਪੰਜਾਬ ਅਤੇ ਹਰਿਆਣਾ ਵਲੋਂ ਆਪਣੇ ਸੂਬਿਆ ਵਿਚ ਕੁਦਰਤੀ ਆਫ਼ਤ ਪ੍ਰਬੰਧਨ ਸੰਸਥਾਵਾਂ ਦੀ ਸਥਾਪਨਾ ਕਰਕੇ ਇਸ ਦਿਸ਼ਾ ਵਿਚ ਪਹਿਲਕਦਮੀ ਕੀਤੀ ਗਈ ਹੈ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਕਾਰਨ ਸਾਰਾ ਕੁਝ ਤਬਾਹ ਹੋ ਜਾਂਦਾ ਹੈ, ਦੇਸ਼ ਦੇ ਵਿਕਾਸ ਲਈ ਕੀਤੇ ਜਾਂਦੇ ਸਾਰੇ ਯਤਨ ਖਤਮ ਹੋ ਜਾਦੇ ਹਨ ਅਤੇ ਵਿਕਾਸ ਪੱਖੋਂ ਦੇਸ਼ਾਂ ਦੇ ਦੇਸ਼ ਕਈ ਕਈ ਦਹਾਕੇ ਪਿੱਛੇ ਪੈ ਚਲੇ ਜਾਂਦੇ ਹਨ। ਆਫ਼ਤਾਂ ਦੋ ਕਿਸਮਾਂ ਦੀਆਂ ਹੁੰਦੀਆਂ ਹਨ, ਇਕ ਤਾਂ ਕੁਦਰਤ ਦੀ ਕਰੋਪੀ ਅਤੇ ਦੂਜਾਂ ਸਾਡੇ ਭਾਵ ਮਨੁੱਖ ਵੱਲੋਂ ਖੁਦ ਪੈਦਾ ਕੀਤੀਆਂ ਗਈਆਂ ਆਫ਼ਤਾਂ। ਇਹਨਾਂ ਆਫ਼ਤਾਂ ਤੋਂ ਬਚਾਅ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਮਾਜ ਨੂੰ ਇਹਨਾਂ ਨਾਲ ਆਪਣੇ -ਆਪ ਨਜਿੱਠਣ ਦੇ ਕਾਬਲ ਬਣਾਇਆ ਜਾਵੇ। ਲੋਕਾਂ ਨੂੰ ਆਫ਼ਤ ਵੇਲੇ ਕੀ ਕਰਨਾ ਚਾਹੀਦਾ ਹੈ, ਆਫ਼ਤਾਂ ਦਾ ਕਿਵੇਂ ਮੁਕਾਬਲਾ ਕਰਨਾ ਚਾਹੀਦਾ ਹੈ ਇਸ ਤੋਂ ਸਮਾਜ ਵਿਚ ਰਹਿੰਦੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ।