ਲੰਬੀ| ਪੰਜਾਬ ਵਿਚ ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਕਿਤੇ ਨਾ ਕਿਤੇ ਬੇਅਦਬੀ ਹੋਣ ਦੀਆਂ ਖਬਰਾਂ ਆਈਆਂ ਹੀ ਰਹਿੰਦੀਆਂ ਹਨ। ਤਾਜ਼ਾ ਮਾਮਾਲ ਲੰਬੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਦੇ ਪਿੰਡ ਖੁੱਡੀਆਂ ਦਾ ਹੈ, ਜਿਥੇ ਗੁਰਦੁਆਰਾ ਸਾਹਿਬ ਵਿੱਚ ਨੰਗੇ ਸਿਰ ਅਤੇ ਜੁੱਤੀਆਂ ਵਾਲਾ ਵਿਅਕਤੀ ਦੋ ਡੰਡਿਆਂ ਨਾਲ ਦਾਖਲ ਹੋਇਆ ਤੇ ਪਾਠ ਦਾ ਭੋਗ ਪਾ ਰਹੇ ਗ੍ਰੰਥੀ ਨੂੰ ਆਵਾਜ਼ ਬੰਦ ਕਰਨ ਲਈ ਕਿਹਾ। ਉਕਤ ਵਿਅਕਤੀ ਨੇ ਕਿਹਾ ਕਿ ਉਸ ਦੀ ਨੀਂਦ ਖਰਾਬ ਹੋ ਰਹੀ ਹੈ। ਗ੍ਰੰਥੀ ਸਿੰਘ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਕਤ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਕਤ ਵਿਅਕਤੀ ਪਿੰਡ ਦੀ ਹੀ ਰਹਿਣ ਵਾਲਾ ਹੈ ਤੇ ਉਹ ਮੰਦਬੁੱਧੀ ਹੈ।
ਗੁਰਦੁਆਰਾ ਸਾਹਿਬ ‘ਚ ਮੌਜੂਦ ਗ੍ਰੰਥੀ ਅਤੇ ਹੋਰ ਸਿੰਘ ਉਸ ਨੂੰ ਫੜ ਕੇ ਬਾਹਰ ਲੈ ਗਏ ਤੇ ਉਸ ਦੀ ਕੁੱਟਮਾਰ ਵੀ ਕੀਤੀ। ਬਾਅਦ ਵਿਚ ਉਹ ਆਪਣੀ ਜਾਨ ਬਚਾ ਕੇ ਫਰਾਰ ਹੋ ਗਿਆ। ਘਟਨਾ ਸੋਮਵਾਰ ਸਵੇਰੇ 6.15 ਵਜੇ ਵਾਪਰੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਹਰਮਨਬੀਰ ਸਿੰਘ ਗਿੱਲ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਇਸ ਘਟਨਾ ਦਾ ਵੀਡੀਓ ਇੰਟਰਨੈੱਟ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਗ੍ਰੰਥੀ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਇਕ ਹੋਰ ਸਾਥੀ ਗ੍ਰੰਥੀ ਸਵੇਰੇ 6.15 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦਾ ਭੋਗ ਪਾ ਰਹੇ ਸਨ। ਇਸ ਦੌਰਾਨ ਪਿੰਡ ਦਾ ਇਕ ਵਿਅਕਤੀ ਨੰਗੇ ਸਿਰ ਅਤੇ ਜੁੱਤੀਆਂ ਸਮੇਤ ਦੋ ਡੰਡੇ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਤੇ ਧਮਕੀਆਂ ਦਿੰਦੇ ਹੋਏ ਕਿਹਾ ਕਿ ਵਾਹਿਗੁਰੂ ਦਾ ਪ੍ਰਕਾਸ਼ ਬੰਦ ਕਰ ਦਿਓ, ਇਸ ਕਾਰਨ ਉਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਰੱਖੇ ਪਾਵਨ ਸਰੂਪ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਬੜੀ ਮੁਸ਼ਕਲ ਨਾਲ ਰੋਕਿਆ ਗਿਆ।
ਅਜਿਹਾ ਕਰਕੇ ਉਕਤ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੁਰਦੁਆਰਾ ਸਾਹਿਬ ‘ਚ ਬੈਠੇ ਸਿੰਘਾਂ ਨੇ ਸ਼ਖ਼ਸ ਨੂੰ ਕਾਬੂ ਕਰ ਕੇ ਗੁਰਦੁਆਰੇ ਤੋਂ ਬਾਹਰ ਕੱਢਿਆ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ। ਦੂਜੇ ਪਾਸੇ ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਮੰਦਬੁੱਧੀ ਹੈ। ਇਸ ਦੇ ਨਾਲ ਹੀ ਇੰਟਰਨੈੱਟ ਮੀਡੀਆ ‘ਤੇ ਇਹ ਵੀ ਵਾਇਰਲ ਹੋ ਰਿਹਾ ਹੈ ਕਿ ਇਹ ਵਿਅਕਤੀ ਡੇਰਾ ਸਿਰਸਾ ਵਾਲਿਆਂ ਨਾਲ ਜੁੜਿਆ ਹੋਇਆ ਹੈ।