ਪਠਾਨਕੋਟ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਸਰਨਾ ਫੀਡਰ ‘ਤੇ ਕੰਮ ਕਰਨ ਦੌਰਾਨ ਦਰਦਨਾਕ ਹਾਦਸਾ ਵਾਪਰ ਗਿਆ। ਬਿਜਲੀ ਸਪਲਾਈ ਬੰਦ ਕੀਤੇ ਬਿਨਾਂ ਪੋਲ ‘ਤੇ ਲਾਈਨਮੈਨ ਚੜ੍ਹ ਗਿਆ। ਇਸ ਦੌਰਾਨ ਉਸ ਨੂੰ ਕਰੰਟ ਪੈ ਲਿਆ। ਉਸ ਦੀ ਗੰਭੀਰ ਹਾਲਤ ਦੇਖਦੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ।
ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਅਸਿਸਟੈਂਟ ਲਾਈਨਮੈਨ ਸੁਰਜੀਤ ਕੁਮਾਰ ਉਰਫ਼ ਚੰਨਾ ਵਾਸੀ ਪਿੰਡ ਥਰਿਆਲ ਵਜੋਂ ਹੋਈ ਹੈ, ਜਿਸ ਦੀ ਉਮਰ ਸਿਰਫ਼ 33 ਸਾਲ ਸੀ। ਲਾਈਨਮੈਨ ਦੀ ਮੌਤ ਦਾ ਪਤਾ ਚੱਲਦੇ ਹੀ ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਹੈ।
ਮ੍ਰਿਤਕ ਨੂੰ ਜਦੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਭਰਾ ਉਮੇਸ਼ ਕੁਮਾਰ ਸਮੇਤ ਬਾਕੀ ਲੋਕਾਂ ਨੇ ਵਿਭਾਗ ਦੇ ਜੇ. ਈ. ਤੇ ਉਸ ਦੇ ਸਹਿਯੋਗੀਆਂ ‘ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦੇ ਹੋਏ ਰੋਸ ਜ਼ਾਹਿਰ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਬਿਜਲੀ ਬੰਦ ਕੀਤੇ ਬਿਨਾਂ ਉਸ ਨੂੰ ਪੋਲ ’ਤੇ ਚੜ੍ਹਾ ਦਿੱਤਾ ਗਿਆ, ਜਿਸ ਨਾਲ ਇਹ ਹਾਦਸਾ ਵਾਪਰ ਗਿਆ।