ਮੋਹਾਲੀ ‘ਚ ਸਿਰਫਿਰੇ ਨੌਜਵਾਨ ਨੇ ਆਪਣੇ ਹੀ ਪਰਿਵਾਰ ਦੇ 3 ਜੀਆਂ ‘ਤੇ ਚਾੜ੍ਹੀ ਕਾਰ : ਭਰਾ ਦੀ ਮੌਤ, ਮਾਂ-ਚਾਚੇ ਦੀ ਹਾਲਤ ਗੰਭੀਰ

0
403

ਮੋਹਾਲੀ। ਮੋਹਾਲੀ ‘ਚ ਇਕ ਨੌਜਵਾਨ ਨੇ ਗੁੱਸੇ ‘ਚ ਆ ਕੇ ਪਰਿਵਾਰ ਦੇ ਤਿੰਨ ਮੈਂਬਰਾਂ ‘ਤੇ ਕਾਰ ਚੜ੍ਹਾ ਦਿੱਤੀ। ਜਿਸ ਵਿੱਚ ਮੁਲਜ਼ਮ ਦੇ ਚਚੇਰੇ ਭਰਾ ਰਣਜੀਤ ਸਿੰਘ (40) ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਮਾਂ ਅਤੇ ਚਾਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਘਟਨਾ ਦਾ ਮੁਲਜ਼ਮ ਨੌਜਵਾਨ ਫਰਾਰ ਹੈ। ਉਸ ਦੀ ਪਛਾਣ ਦੇਵੇਂਦਰ (27) ਵਾਸੀ ਪਿੰਡ ਮਨੌਲੀ ਵਜੋਂ ਹੋਈ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਪਿੰਡ ਮਨੌਲੀ ਵਾਸੀ ਬਲਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਪਰਿਵਾਰ ਸਾਂਝਾ ਰਹਿੰਦਾ ਹੈ। ਮੰਗਲਵਾਰ ਨੂੰ ਚਾਚੇ ਦੇ ਬੇਟੇ ਦਵਿੰਦਰ ਨਾਲ ਪਰਿਵਾਰ ‘ਚ ਲੜਾਈ ਹੋ ਗਈ। ਉਹ ਗੁੱਸੇ ‘ਚ ਆ ਗਿਆ ਅਤੇ ਆਪਣੀ ਰੇਂਜ ਰੋਵਰ ਕਾਰ ਲੈ ਕੇ ਘਰੋਂ ਨਿਕਲਣ ਲੱਗਾ। ਇਹ ਦੇਖ ਕੇ ਉਸ ਦੇ ਭਰਾ ਰਣਜੀਤ ਸਿੰਘ, ਚਾਚਾ ਜਰਨੈਲ ਸਿੰਘ, ਦਵਿੰਦਰ ਦੀ ਮਾਂ ਮਨਜੀਤ ਕੌਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਡਰਾਉਣ ਲਈ ਤੇਜ਼ ਰਫਤਾਰ ਨਾਲ ਕਾਰ ਉਨ੍ਹਾਂ ਵੱਲ ਮੋੜ ਦਿੱਤੀ।

ਇਸ ਦੌਰਾਨ ਤਿੰਨਾਂ ਨੂੰ ਟੱਕਰ ਲੱਗੀ ਤੇ ਗੰਭੀਰ ਸੱਟਾਂ ਲੱਗੀਆਂ। ਇਸ ’ਤੇ ਉਨ੍ਹਾਂ ਨੂੰ ਮੁਹਾਲੀ ਦੇ ਫੇਜ਼-8 ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਰਣਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।