ਮਾਛੀਵਾੜਾ ‘ਚ ਬੇਖੌਫ ਲੁਟੇਰਿਆਂ ਨੇ ਪੁਲਸ ਥਾਣੇ ਨੇੜੀਓਂ ਕਿਸਾਨ ਤੋਂ ਲੁੱਟੇ 1 ਲੱਖ ਰੁਪਏ

0
481

ਲੁਧਿਆਣਾ | ਮਾਛੀਵਾੜਾ ਇਲਾਕੇ ‘ਚ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਅੱਜ ਪੁਲਸ ਥਾਣਾ ਦੇ ਬਿਲਕੁਲ ਨੇੜੀਓਂ ਹੀ ਇੱਕ ਕਿਸਾਨ ਤੋਂ 1 ਲੱਖ ਰੁਪਏ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੌਰਲਾ ਬੇਟ ਦਾ ਨਿਵਾਸੀ ਸਾਬਕਾ ਸਰਪੰਚ ਅਤੇ ਕਿਸਾਨ ਜਸਵੰਤ ਸਿੰਘ ਆਪਣੀ ਫਸਲ ਦੀ ਰਾਸ਼ੀ ਪੰਜਾਬ ਨੈਸ਼ਨਲ ਬੈਂਕ ’ਚੋਂ ਕਢਵਾਉਣ ਲਈ ਆਇਆ ਸੀ। ਕਿਸਾਨ ਜਸਵੰਤ ਸਿੰਘ ਨੇ ਬੈਂਕ ’ਚੋਂ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਕਢਵਾ ਕੇ ਆਪਣੇ ਹੱਥ ਵਿਚ ਫੜੇ ਛੋਟੇ ਬੈਗ ਵਿਚ ਪਾ ਲਈ।

ਕਿਸਾਨ ਜਸਵੰਤ ਸਿੰਘ ਬੈਂਕ ’ਚੋਂ ਰਾਸ਼ੀ ਕਢਵਾਉਣ ਤੋਂ ਬਾਅਦ ਜਦੋਂ ਵਾਪਸ ਆਇਆ ਤਾਂ ਉਹ ਆਪਣੇ ਇੱਕ ਦੋਸਤ ਬਿੱਟੂ ਸਰਪੰਚ ਖਾਨਪੁਰ ਦੀ ਗੱਡੀ ਵਿਚ ਬੈਠ ਕੇ ਉਸ ਨਾਲ ਕੁਝ ਗੱਲਬਾਤ ਕਰਨ ਲੱਗਾ। ਕੁਝ ਮਿੰਟਾਂ ਬਾਅਦ ਉਹ ਬਿਲਕੁਲ ਥਾਣਾ ਨੇੜੇ ਹੀ ਗੱਡੀ ’ਚੋਂ ਬਾਹਰ ਨਿਕਲਿਆ ਤੇ ਬੈਂਕ ਦੇ ਬਾਹਰ ਖੜ੍ਹੇ ਆਪਣੇ ਮੋਟਰਸਾਈਕਲ ਨੂੰ ਚੁੱਕਣ ਜਾ ਰਿਹਾ ਸੀ ਕਿ ਅਚਾਨਕ ਇੱਕ ਮੋਟਰਸਾਈਕਲ ’ਤੇ 2 ਵਿਅਕਤੀ ਆਏ, ਜਿਨ੍ਹਾਂ ਨੇ ਜਸਵੰਤ ਸਿੰਘ ਦੇ ਹੱਥ ਵਿਚ ਫੜਿਆ ਬੈਗ, ਜਿਸ ਵਿਚ ਇੱਕ ਲੱਖ ਰੁਪਏ ਨਕਦੀ ਸੀ, ਖੋਹ ਕੇ ਫ਼ਰਾਰ ਹੋ ਗਏ। ਦਿਨ-ਦਿਹਾੜੇ ਥਾਣੇ ਨੇੜੀਓਂ ਕਿਸਾਨ ਤੋਂ 1 ਲੱਖ ਰੁਪਏ ਦੀ ਲੁੱਟ ਹੋ ਜਾਣ ’ਤੇ ਲੋਕਾਂ ਵਿਚ ਦਹਿਸ਼ਤ ਫੈਲ ਗਈ।

ਜਸਵੰਤ ਸਿੰਘ ਵਲੋਂ ਮਾਛੀਵਾੜਾ ਪੁਲਸ ਥਾਣਾ ਜਾ ਕੇ ਆਪਣੇ ਨਾਲ ਹੋਈ ਲੁੱਟ ਦੀ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ’ਤੇ ਪੁਲਸ ਨੇ ਬੈਂਕਾਂ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਜਸਵੰਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਨ੍ਹਾਂ 2 ਵਿਅਕਤੀਆਂ ਨੇ ਲੁੱਟ ਕੀਤੀ ਹੈ, ਉਨ੍ਹਾਂ ’ਚੋਂ ਇੱਕ ਦੇ ਹੈਲਮੇਟ ਪਾਇਆ ਹੋਇਆ ਸੀ, ਜਦਕਿ ਦੂਸਰੇ ਦਾ ਚਿਹਰਾ ਉਹ ਚੰਗੀ ਤਰ੍ਹਾਂ ਦੇਖ ਨਾ ਸਕਿਆ। ਮਾਛੀਵਾੜਾ ਪੁਲਸ ਥਾਣਾ ਨੇੜੇ ਕਾਫ਼ੀ ਬੈਂਕ ਹਨ, ਜਿੱਥੇ ਕਿ ਅੱਜਕਲ ਕਿਸਾਨਾਂ ਵਲੋਂ ਵੇਚੀ ਝੋਨੇ ਦੀ ਫਸਲ ਸਬੰਧੀ ਅਦਾਇਗੀ ਦਾ ਲੈਣ-ਦੇਣ ਕੀਤਾ ਜਾ ਰਿਹਾ ਹੈ ਪਰ ਅੱਜ ਲੁਟੇਰਿਆਂ ਵਲੋਂ ਬੇਖੌਫ਼ ਹੋ ਕੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੋਕਾਂ ਵਿਚ ਸਹਿਮ ਹੈ ਕਿ ਉਹ ਪੁਲਸ ਥਾਣਾ ਨੇੜੇ ਵੀ ਸੁਰੱਖਿਅਤ ਨਹੀਂ। ਜਦ ਇਸ ਵਾਰੇ ਡੀਐਸਪੀ ਬਰਿਆਮ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਘਟਨਾ ਜ਼ਰੂਰ ਵਾਪਰੀ ਹੈ ਪਰ ਜਲਦ ਹੀ ਮੁਲਜ਼ਮ ਹਿਰਾਸਤ ਵਿੱਚ ਹੋਣਗੇ।ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ ਅਤੇ ਪਛਾਣ ਕੀਤੀ ਜਾ ਰਹੀ ਹੈ।