ਲੁਧਿਆਣਾ | ਇਥੋਂ ਇਕ ਪਖੰਡੀ ਸਾਧ ਦੀ ਕਰਤੂਤ ਸਾਹਮਣੇ ਆਈ ਹੈ। ਚਿੱਟੇ ਦਿਨ ਇਕ ਪਖੰਡੀ ਸਾਧ ਨੇ ਨਸ਼ੀਲੀ ਵਸਤੂ ਸੁੰਘਾ ਕੇ ਔਰਤ ਨੂੰ ਬੇਹੋਸ਼ ਕੀਤਾ ਅਤੇ ਉਸ ਦੇ ਹੱਥਾਂ ਵਿਚ ਪਾਈਆਂ ਸੋਨੇ ਦੀਆਂ ਚੂੜੀਆਂ ਅਤੇ ਮੁੰਦਰੀ ਉਤਾਰ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੇ ਸਾਥੀਆਂ ਨਾਲ ਮੌਕੇ ਤੋਂ ਫਰਾਰ ਹੋ ਗਿਆ।
ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਨੇਚ ਰੋਡ ਦੀ ਰਹਿਣ ਵਾਲੀ ਊਸ਼ਾ ਰਾਣੀ ਨੇ ਦੱਸਿਆ ਕਿ ਉਹ ਆਟਾ ਚੱਕੀ ਚਲਾਉਂਦੇ ਹਨ। ਦੁਪਹਿਰ ਸਵਾ 12 ਵਜੇ ਦੇ ਕਰੀਬ ਊਸ਼ਾ ਰਾਣੀ ਫੋਰਮੈਨ ਕੰਚਨ ਕੁਮਾਰ ਨਾਲ ਚੱਕੀ ‘ਤੇ ਮੌਜੂਦ ਸੀ। ਇਸੇ ਦੌਰਾਨ ਇਕ ਬਾਬਾ ਚੱਕੀ ‘ਤੇ ਆਇਆ, ਉਸਨੇ ਖੁਦ ਨੂੰ ਸਾਧੂ ਦੱਸਿਆ। ਕੁਝ ਹੀ ਸਮੇਂ ਬਾਅਦ ਮੋਟਰਸਾਈਕਲ ‘ਤੇ ਸਵਾਰ ਹੋ ਕੇ 2 ਹੋਰ ਵਿਅਕਤੀ ਆਏ ਜਿਨ੍ਹਾਂ ਨੇ ਊਸ਼ਾ ਰਾਣੀ ਕੋਲੋਂ ਪਾਣੀ ਮੰਗਿਆ।
ਸਾਜ਼ਿਸ਼ ਤਹਿਤ ਬਾਬੇ ਨੇ ਫੋਰਮੈਨ ਕੰਚਨ ਕੁਮਾਰ ਨੂੰ ਲਾਚੀਆਂ ਲੈਣ ਲਈ ਦੁਕਾਨ ‘ਤੇ ਭੇਜ ਦਿੱਤਾ। ਇਸੇ ਦੌਰਾਨ ਨੌਸਰਬਾਜ਼ਾਂ ਨੇ ਨਸ਼ੀਲੀ ਵਸਤੂ ਖੁਆ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਸੋਨੇ ਦੇ ਗਹਿਣੇ ਲੁੱਟ ਲਏ। ਉਧਰੋਂ ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੇ ਸਬ-ਇੰਸਪੈਕਟਰ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।