ਜਲੰਧਰ। ਸ਼ਹਿਰ ਵਿਚ ਨਾਜਾਇਜ਼ ਨਿਰਮਾਣ ਕਰਕੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਕਾਨੂੰਨ ਦੀ ਵੀ ਕੋਈ ਪ੍ਰਵਾਹ ਨਹੀਂ ਹੈ। ਪਿਛਲੇ ਰਾਤ ਨਗਰ ਨਿਗਮ ਦੇ ਅਧਿਕਾਰੀ ਨਾਜਾਇਜ਼ ਢੰਗ ਨਾਲ ਬਣਾਈਆਂ ਗਈਆਂ ਦੁਕਾਨਾਂ ਨੂੰ ਜਿੰਦੇ ਮਾਰ ਕੇ ਸੀਲ ਲਗਾ ਕੇ ਗਏ ਸਨ। ਪ੍ਰਤਾਪ ਬਾਗ ਐਸਸੀਓ ਤੇ ਜਗਰਾਤਾ ਚੌਕ ਵਿਚ ਸੀਲ ਪੁੱਟ ਕੇ ਦੁਬਾਰਾ ਦੁਕਾਨਾਂ ਨੂੰ ਖੋਲ੍ਹ ਲਿਆ ਗਿਆ। ਨਿਗਮ ਨੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਦੁਕਾਨਦਾਰਾਂ ਖਿਲਾਫ ਪੁਲਿਸ ਕਮਿਸ਼ਨਰ ਆਫਿਸ ਵਿਚ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਨ ਨੂੰ ਕਿਹਾ ਹੈ।
ਪ੍ਰਤਾਪ ਬਾਗ ਵਿਚ ਦੂਜੀ ਵਾਰ ਟੁੱਟੀ ਸੀਲ
ਪ੍ਰਤਾਪ ਬਾਗ ਐਸਸੀਓ ਵਿਚ ਇਕ ਦੁਕਾਨ ਤੋਂ ਦੋ ਦੁਕਾਨਾਂ ਬਣਾਉਣ ਵਾਲੇ ਗੁਰਮੀਤ ਟ੍ਰੇਡਿੰਗ ਕੰਪਨੀ ਦੇ ਮਾਲਕ ਨੇ ਦੂਜੀ ਵਾਰ ਆਪਣੀਆਂ ਦੁਕਾਨਾਂ ਦੇ ਜਿੰਦੇ ਤੋੜੇ ਹਨ। ਇਸ ਤੋਂ ਪਹਿਲਾਂ ਦੀਵਾਲੀ ਦੇ ਨੇੜੇ-ਤੇੜੇ ਵੀ ਦੁਕਾਨ ਨੂੰ ਨਾਜਾਇਜ਼ ਨਿਰਮਾਣ ਕਰਕੇ ਸੀਲ ਕੀਤਾ ਗਿਆ ਸੀ। ਉਸ ਸਮੇਂ ਵੀ ਦੁਕਾਨ ਦੀ ਸੀਲ ਤੋੜ ਦਿੱਤੀ ਗਈ ਸੀ ਤੇ ਦੁਕਾਨਾਂ ਨੂੰ ਖੋਲ੍ਹ ਲਿਆ ਸੀ। ਪਰ ਉਸ ਸਮੇਂ ਨਿਗਮ ਦੇ ਤੱਤਕਾਲੀਨ ਕਮਿਸ਼ਨਰ ਨੇ ਕੋਈ ਐਕਸ਼ਨ ਨਹੀਂ ਲਿਆ ਸੀ।
ਇਥੇ ਤੀਜੀ ਵਾਰ ਉਡੀਆਂ ਕਾਨੂੰਨ ਦੀਆਂ ਧੱਜੀਆਂ
ਜਗਰਾਤਾ ਚੌਕ ਵਿਚ ਜੋ ਬਿਲਡਿੰਗ ਸੀਲ ਕੀਤੀ ਗਈ ਸੀ, ਉਸਦੀ ਮਾਲਿਕ ਕਵਿਤਾ ਜਿੰਦਲ ਨੇ ਤੀਜੀ ਵਾਰ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਕੇ ਸੀਲ ਪੁੱਟ ਕੇ ਜਿੰਦੇ ਤੋੜੇ ਹਨ। ਪਿਛਨੀ ਰਾਤ ਹੀ ਨਿਗਮ ਨੇ ਉਨ੍ਹਾਂ ਦੀ ਬਿਲਡਿੰਗ ਨੂੰ ਸੀਲ ਕਰਕੇ ਉਥੇ ਨੋਟਿਸ ਚਿਪਕਾਇਆ ਸੀ। ਪਰ ਉਨ੍ਹਾਂ ਨੇ ਨਿਗਮ ਨੂੰ ਨੋਟਿਸ ਦਾ ਕੋਈ ਜਵਾਬ ਦੇਣ ਦੀ ਥਾਂ ਸਿਆਸੀ ਪਹੁੰਚ ਦੇ ਚਲਦਿਆਂ ਸ਼ਹਿਰ ਵਿਚ ਸਿੱਧੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ। 2 ਵਾਰ ਪਹਿਲਾਂ ਵੀ ਸੀਲ ਤੋੜਨ ਉਤੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸੀ। ਪਰ ਹੁਣ ਕਮਿਸ਼ਨਰ ਅਭਿਜੀਤ ਕਪਲਿਸ਼ ਐਕਸ਼ਨ ਮੋਡ ਵਿਚ ਹਨ।