ਬਠਿੰਡਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਸ਼ਿਆਂ ਦੀ ਦਲਦਲ ‘ਚ ਫਸੇ ਨੌਜਵਾਨ ਨਸ਼ੇ ਖ਼ਾਤਰ ਕਿਸੇ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ । ਅਜਿਹਾ ਹੀ ਇਕ ਮਾਮਲਾ ਥਾਣਾ ਨਥਾਣਾ ਅਧੀਨ ਪੈਂਦੇ ਪਿੰਡ ਕਲਿਆਣ ਸੁੱਖਾ ਵਿਚ ਸਾਹਮਣੇ ਆਇਆ ਹੈ। ਨਸ਼ੇੜੀ ਪੁੱਤਰ ਨੇ ਆਪਣੀ ਮਾਂ ‘ਤੇ ਕਹੀ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਕਿਉਂਕਿ ਮਾਂ ਨੇ ਉਸ ਨੂੰ ਨਸ਼ਾ ਕਰਨ ਲਈ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਹਾਲਾਂਕਿ 15 ਦਿਨਾਂ ਬਾਅਦ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ ਪਰ ਪੁਲਿਸ ਨੇ ਘਟਨਾ ਦੇ ਅਗਲੇ ਦਿਨ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।
ਥਾਣਾ ਨਥਾਣਾ ਨੂੰ ਸ਼ਿਕਾਇਤ ਦੇ ਕੇ ਨਿਹਾਲ ਸਿੰਘ ਵਾਸੀ ਪਿੰਡ ਕਲਿਆਣ ਸੁੱਖਾ ਨੇ ਦੱਸਿਆ ਕਿ ਮੁਲਜ਼ਮ ਗੁਰਦੀਪ ਸਿੰਘ ਉਸ ਦਾ ਲੜਕਾ ਹੈ, ਜੋ ਨਸ਼ੇ ਦਾ ਆਦੀ ਹੈ। ਉਹ ਕੋਈ ਕੰਮ ਨਹੀਂ ਕਰਦਾ। ਇਸ ਦੇ ਨਾਲ ਹੀ ਉਸ ਨੂੰ ਅਤੇ ਉਸ ਦੀ ਪਤਨੀ ਚਰਨਜੀਤ ਕੌਰ ਨੂੰ ਹਰ ਸਮੇਂ ਨਸ਼ਾ ਖਰੀਦਣ ਲਈ ਪਰੇਸ਼ਾਨ ਕਰਦਾ ਸੀ। ਉਹ ਆਪਣੇ ਪੁੱਤਰ ਦੀ ਨਸ਼ੇ ਦੀ ਆਦਤ ਤੋਂ ਬਹੁਤ ਪਰੇਸ਼ਾਨੀ ਵਿਚ ਸਨ। ਉਨ੍ਹਾਂ ਉਸ ਦਾ ਨਸ਼ਾ ਛੁਡਵਾਉਣ ਲਈ ਇਲਾਜ ਵੀ ਕਰਵਾਇਆ। ਨਸ਼ੇ ਲਈ ਪੈਸੇ ਲੈਣ ਲਈ ਉਸ ਨੂੰ ਤੇ ਉਸ ਦੀ ਪਤਨੀ ਨੂੰ ਤੰਗ ਕਰਨਾ ਸ਼ੁਰੂ ਕਰਨ ਲੱਗਾ।
ਬੀਤੀ 18 ਮਈ ਨੂੰ ਉਸ ਦੇ ਲੜਕੇ ਗੁਰਦੀਪ ਸਿੰਘ ਨੇ ਆਪਣੀ ਮਾਂ ਚਰਨਜੀਤ ਕੌਰ ਤੋਂ ਨਸ਼ਾ ਖਰੀਦਣ ਲਈ ਪੈਸੇ ਮੰਗੇ, ਜਦੋਂ ਉਸ ਦੀ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਘਰ ‘ਚ ਪਈ ਕਹੀ ਨਾਲ ਉਸ ‘ਤੇ ਹਮਲਾ ਕਰ ਦਿੱਤਾ ਤੇ ਚਰਨਜੀਤ ਕੌਰ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਤੇ ਪੈਸੇ ਲੈ ਕੇ ਭੱਜ ਗਿਆ। ਇਸ ਤੋਂ ਬਾਅਦ ਘਰ ਵਿਚ ਲਹੂ-ਲੁਹਾਨ ਹਾਲਤ ਵਿਚ ਪਈ ਚਰਨਜੀਤ ਕੌਰ ਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ 1 ਜੂਨ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਗੁਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।