ਅਬੋਹਰ ‘ਚ ਭਾਣਜੇ ਨੇ ਮਾਮੇ ਨੂੰ ਡੰਡਿਆਂ ਨਾਲ ਕੁੱਟਿਆ, ਉਧਾਰ ਦਿੱਤੇ ਪੈਸੇ ਮੰਗਣ ‘ਤੇ ਕੀਤਾ ਹਮਲਾ

0
1541

ਅਬੋਹਰ | ਇਥੋਂ ਦੇ ਪਿੰਡ ਰੁਕਨਪੁਰਾ ਖੂਈਖੇੜਾ ਦੇ ਰਹਿਣ ਵਾਲੇ ਬਜ਼ੁਰਗ ਮਾਮੇ ਨੂੰ ਉਸ ਦੇ ਭਾਣਜੇ ਵਲੋਂ ਡੰਡਿਆਂ ਨਾਲ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਪੀੜਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਾਮੇ ਨੇ ਭਾਣਜੇ ਨੂੰ ਪਤਨੀ ਨੂੰ ਇਕ ਹਜ਼ਾਰ ਰੁਪਏ ਦੇਣ ਲਈ ਕਿਹਾ ਸੀ, ਜਿਸ ਕਾਰਨ ਉਸ ਨੇ ਗੁੱਸੇ ‘ਚ ਆ ਕੇ ਮਾਮੇ ‘ਤੇ ਹਮਲਾ ਕਰ ਦਿੱਤਾ।

ਇਲਾਜ ਅਧੀਨ 58 ਸਾਲਾ ਬਲਦੇਵ ਸਿੰਘ ਪੁੱਤਰ ਬਹਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਾਣਜਾ ਕੁਲਦੀਪ ਉਸ ਨਾਲ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਭਾਣਜੇ ਨੇ ਘਰੋਂ ਸੋਨੇ ਦੀ ਮੁੰਦਰੀ ਚੋਰੀ ਕਰ ਲਈ ਸੀ, ਉਹ ਕਈ ਵਾਰ ਆਪਣੇ ਭਾਣਜੇ ਤੋਂ ਮੁੰਦਰੀ ਜਾਂ ਪੈਸੇ ਮੰਗਦਾ ਰਿਹਾ ਹੈ ਪਰ ਅੱਜ ਤੱਕ ਭਾਣਜੇ ਨੇ ਉਸ ਨੂੰ ਕੁਝ ਨਹੀਂ ਦਿੱਤਾ।

ਬਲਦੇਵ ਨੇ ਦੋਸ਼ ਲਾਇਆ ਕਿ ਕੁਲਦੀਪ ਦੀ ਪਤਨੀ ਕਿਸੇ ਧਾਰਮਿਕ ਯਾਤਰਾ ਲਈ ਜਾ ਰਹੀ ਸੀ, ਜਿਸ ਕਾਰਨ ਉਸ ਨੇ ਭਾਣਜੇ ਨੂੰ ਨੂੰਹ ਨੂੰ 1 ਹਜ਼ਾਰ ਰੁਪਏ ਦੇਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਉਸ ਨੇ ਗੁੱਸੇ ‘ਚ ਆ ਕੇ ਘਰ ‘ਚ ਰੱਖੇ ਡੰਡੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।