ਗੁਰਦਾਸਪੁਰ | ਕਲਾਨੌਰ ਤੋਂ ਬਟਾਲਾ ਮਾਰਗ ‘ਤੇ ਪੈਂਦੇ ਅੱਡਾ ਕੋਟ ਮੀਆਂ ਸਾਹਿਬ ਨਜ਼ਦੀਕ ਕਾਰ ਸੜਕ ਕਿਨਾਰੇ ਲੱਗੇ ਸਫ਼ੈਦੇ ਦੇ ਦਰੱਖਤ ਵਿਚ ਵੱਜਣ ਕਾਰਨ ਕਾਰ ਚਾਲਕ ਨੌਜਵਾਨ ਤੇ ਉਸ ਦੇ ਸਾਥੀ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਦੀ ਮਾਂ ਪਵਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਪਰਮਿੰਦਰ ਸਿੰਘ (20) ਘਰੋਂ ਵਿਦੇਸ਼ ਜਾਣ ਲਈ ਆਪਣੇ ਡਾਕੂਮੈਂਟ ਦੇਣ ਲਈ ਪਿੰਡ ਦੇ ਦੋਸਤ ਸਾਹਿਲਪ੍ਰੀਤ (28) ਪੁੱਤਰ ਸੁਰਜੀਤ ਸਿੰਘ ਨਾਲ ਘਰੋਂ ਆਇਆ ਸੀ।
ਮਾਂ ਨੂੰ ਪੁੱਤਰ ਦੇ ਮੌਤ ਦੀ ਆਈ ਖਬਰ
ਉਨ੍ਹਾਂ ਨੂੰ ਫੋਨ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਹੈ। ਇਸ ਮੌਕੇ ਮ੍ਰਿਤਕ ਨੌਜਵਾਨ ਸਾਹਿਲਪ੍ਰੀਤ ਸਿੰਘ ਦੇ ਮਾਮਾ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਅੱਡਾ ਖਾਨੋਵਾਲ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਹੈ ਅਤੇ ਹਾਦਸੇ ਸਬੰਧੀ ਜਦੋਂ ਪਤਾ ਲੱਗਾ ਤਾਂ ਉਹ ਘਟਨਾ ਸਥਾਨ ‘ਤੇ ਪੁੱਜੇ ਤਾਂ ਭਾਣਜੇ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਥਾਣਾ ਕਲਾਨੌਰ ਦੇ ਐਸਐਚਓ ਮਨਜੀਤ ਸਿੰਘ ਘਟਨਾ ਸਥਾਨ ‘ਤੇ ਪੁੱਜੇ ਤੇ ਦੱਸਿਆ ਕਿ ਕਾਰ ਦਾ ਸੰਤੁਲਨ ਵਿਗੜਣ ਕਾਰਨ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖ਼ਤਾਂ ਨਾਲ ਜਾ ਟਕਰਾਈ, ਜਿਸ ਕਾਰਨ ਚਾਲਕ ਅਤੇ ਉਸਦੇ ਸਾਥੀ ਦੀ ਮੌਤ ਹੋ ਗਈ।