ਅਹਿਮ ਖਬਰ ! ਅੱਜ ਤੋਂ ਟਿਕਟ ਬੁਕਿੰਗ ਸਬੰਧੀ ਰੇਲਵੇ ਨੇ ਬਦਲੇ ਨਿਯਮ, ਟਰੇਨ ‘ਚ ਸਫਰ ਕਰਨ ਤੋਂ ਪਹਿਲਾਂ ਯਾਤਰੀ ਦੇਣ ਧਿਆਨ

0
406

ਨਵੀਂ ਦਿੱਲੀ/ਚੰਡੀਗੜ੍ਹ, 1 ਨਵੰਬਰ | ਭਾਰਤੀ ਰੇਲਵੇ ਨੇ ਅੱਜ ਯਾਨੀ 1 ਨਵੰਬਰ 2024 ਤੋਂ ਰੇਲ ਟਿਕਟਾਂ ਦੀ ਐਡਵਾਂਸ ਬੁਕਿੰਗ ਦੇ ਨਿਯਮਾਂ ਵਿਚ ਕੁਝ ਖਾਸ ਬਦਲਾਅ ਕੀਤੇ ਹਨ। ਜੀ ਹਾਂ, ਟਰੇਨ ‘ਚ ਸਫਰ ਕਰਨ ਵਾਲੇ ਯਾਤਰੀ ਹੁਣ ਸਿਰਫ 60 ਦਿਨ (2 ਮਹੀਨੇ) ਪਹਿਲਾਂ ਹੀ ਟਰੇਨ ਦੀਆਂ ਟਿਕਟਾਂ ਬੁੱਕ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਹ ਮਿਆਦ 120 ਦਿਨ ਸੀ, ਜਿਸ ਨੂੰ ਹੁਣ ਘਟਾ ਕੇ 60 ਦਿਨ ਕਰ ਦਿੱਤਾ ਗਿਆ ਹੈ। ਰੇਲਵੇ ਨੇ ਇਹ ਫੈਸਲਾ ਟਿਕਟ ਕੈਂਸਲ ਹੋਣ ਅਤੇ ਸੀਟਾਂ ਦੀ ਬਰਬਾਦੀ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਲਿਆ ਹੈ।

ਨਵੇਂ ਨਿਯਮਾਂ ਦੇ ਪੂਰੇ ਵੇਰਵਿਆਂ ‘ਤੇ ਇੱਕ ਨਜ਼ਰ ਮਾਰੋ:-

ਅੱਜ ਤੋਂ ਯਾਤਰੀਆਂ ਨੂੰ ਆਪਣੀ ਟਿਕਟ ਬੁੱਕ ਕਰਨ ਲਈ ਵੱਧ ਤੋਂ ਵੱਧ 60 ਦਿਨਾਂ ਦਾ ਸਮਾਂ ਮਿਲੇਗਾ। ਇਸ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਜੇਕਰ ਕੋਈ ਯਾਤਰੀ 31 ਅਕਤੂਬਰ 2024 ਤੱਕ ਬੁਕਿੰਗ ਕਰਦਾ ਹੈ ਤਾਂ ਇਹ 120 ਦਿਨਾਂ ਦੀ ਐਡਵਾਂਸ ਬੁਕਿੰਗ ਦੇ ਤਹਿਤ ਵੈਧ ਰਹੇਗਾ ਪਰ ਨਵਾਂ ਨਿਯਮ 1 ਨਵੰਬਰ 2024 ਤੋਂ ਬਾਅਦ ਬੁੱਕ ਕੀਤੀਆਂ ਟਿਕਟਾਂ ‘ਤੇ ਲਾਗੂ ਹੋਵੇਗਾ।

ਜੇਕਰ ਕਿਸੇ ਯਾਤਰੀ ਨੇ 60 ਦਿਨਾਂ ਤੋਂ ਵੱਧ ਸਮੇਂ ਲਈ ਟਿਕਟ ਬੁੱਕ ਕਰਵਾਈ ਹੈ ਤਾਂ ਇਸ ਨੂੰ ਰੱਦ ਕਰਨ ਦੇ ਨਿਯਮ ਆਮ ਪ੍ਰਕਿਰਿਆ ਦੇ ਅਨੁਸਾਰ ਹੋਣਗੇ। ਨਵਾਂ ਨਿਯਮ ਰੱਦ ਕਰਨ ਦੀ ਮਿਆਦ ਨੂੰ ਵੀ 60 ਦਿਨਾਂ ਤੱਕ ਸੀਮਤ ਕਰ ਦੇਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣੀ ਟਿਕਟ ਕੈਂਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਸਮਾਂ ਸੀਮਾ ਦੇ ਅੰਦਰ ਪ੍ਰਕਿਰਿਆ ਪੂਰੀ ਕਰਨੀ ਚਾਹੀਦੀ ਹੈ।

ਗੋਮਤੀ ਐਕਸਪ੍ਰੈਸ ਅਤੇ ਤਾਜ ਐਕਸਪ੍ਰੈਸ ਵਰਗੀਆਂ ਕੁਝ ਟਰੇਨਾਂ ‘ਤੇ ਨਵੇਂ ਨਿਯਮ ਲਾਗੂ ਨਹੀਂ ਹੋਣਗੇ। ਇਨ੍ਹਾਂ ਟਰੇਨਾਂ ਲਈ ਪਹਿਲਾਂ ਹੀ ਘੱਟ ਐਡਵਾਂਸ ਰਿਜ਼ਰਵੇਸ਼ਨ ਦੀ ਮਿਆਦ ਤੈਅ ਕੀਤੀ ਗਈ ਹੈ। ਇਨ੍ਹਾਂ ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਇਹ ਰਾਹਤ ਦੀ ਗੱਲ ਹੈ। ਇਸ ਤੋਂ ਇਲਾਵਾ ਵਿਦੇਸ਼ੀ ਸੈਲਾਨੀਆਂ ਲਈ 365 ਦਿਨਾਂ ਦੀ ਬੁਕਿੰਗ ਸੀਮਾ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਜਿਸ ਨਾਲ ਉਹ ਪਹਿਲਾਂ ਵਾਂਗ ਲੰਬੇ ਸਮੇਂ ਲਈ ਰਿਜ਼ਰਵੇਸ਼ਨ ਕਰ ਸਕਦੇ ਹਨ।

ਰੇਲਵੇ ਮੰਤਰਾਲੇ ਮੁਤਾਬਕ ਇਸ ਫੈਸਲੇ ਦਾ ਉਦੇਸ਼ ਟਿਕਟਾਂ ਨੂੰ ਰੱਦ ਕਰਨ ਦੀ ਸਮੱਸਿਆ ਨੂੰ ਘੱਟ ਕਰਨਾ ਹੈ। ਰੇਲਵੇ ਨੇ ਕਿਹਾ ਕਿ 120 ਦਿਨਾਂ ਦੀ ਐਡਵਾਂਸ ਬੁਕਿੰਗ ਦੌਰਾਨ ਲਗਭਗ 21 ਫੀਸਦੀ ਟਿਕਟਾਂ ਰੱਦ ਹੋਈਆਂ, ਜਦੋਂਕਿ 4 ਤੋਂ 5 ਫੀਸਦੀ ਲੋਕਾਂ ਨੇ ਯਾਤਰਾ ਹੀ ਨਹੀਂ ਕੀਤੀ। ਇਸ ਨਾਲ ਨਾ ਸਿਰਫ਼ ਰੇਲਵੇ ਨੂੰ ਆਰਥਿਕ ਨੁਕਸਾਨ ਹੋਇਆ ਸਗੋਂ ਲੋੜਵੰਦ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੂੰ ਟਿਕਟਾਂ ਲੈਣ ਲਈ ਸੰਘਰਸ਼ ਕਰਨਾ ਪਿਆ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਸ ਨਵੇਂ ਨਿਯਮ ਦਾ ਪਹਿਲਾਂ ਤੋਂ ਬੁੱਕ ਕੀਤੀਆਂ ਟਿਕਟਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਰੇਲਵੇ ਦਾ ਮੰਨਣਾ ਹੈ ਕਿ 120 ਦਿਨਾਂ ਦੀ ਮਿਆਦ ਬਹੁਤ ਲੰਬੀ ਹੈ ਅਤੇ ਇਹ ਫੈਸਲਾ ਯਾਤਰੀਆਂ ਦੀ ਸਹੂਲਤ ਅਤੇ ਰੇਲਵੇ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਲਈ ਲਿਆ ਗਿਆ ਹੈ।

ਦੀਵਾਲੀ ਵਰਗੇ ਤਿਉਹਾਰਾਂ ਦੌਰਾਨ ਟਰੇਨਾਂ ‘ਚ ਵਧਦੀ ਭੀੜ ਦੇ ਮੱਦੇਨਜ਼ਰ ਇਹ ਬਦਲਾਅ ਬੇਹੱਦ ਜ਼ਰੂਰੀ ਹੈ। ਤਿਉਹਾਰਾਂ ਦੌਰਾਨ ਬਹੁਤ ਸਾਰੇ ਲੋਕ ਆਪਣੇ ਪਿੰਡਾਂ ਨੂੰ ਜਾਂਦੇ ਹਨ, ਜਿਸ ਕਾਰਨ ਰੇਲ ਗੱਡੀਆਂ ਵਿਚ ਸੀਟਾਂ ਘੱਟ ਹੋ ਜਾਂਦੀਆਂ ਹਨ। ਕਈ ਯਾਤਰੀਆਂ ਨੂੰ ਆਮ ਵਰਗ ਵਿਚ ਸਫਰ ਕਰਨਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੇਲਵੇ ਦਾ ਇਹ ਨਵਾਂ ਨਿਯਮ ਕਾਲਾਬਾਜ਼ਾਰੀ ਅਤੇ ਨਾਜਾਇਜ਼ ਵਸੂਲੀ ‘ਤੇ ਰੋਕ ਲਗਾਉਣ ‘ਚ ਵੀ ਮਦਦਗਾਰ ਹੋਵੇਗਾ।