ਹੁਸ਼ਿਆਰਪੁਰ : ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਨਣਾਨ-ਭਰਜਾਈ ਦੀ ਸੜਕ ਹਾਦਸੇ ‘ਚ ਮੌਤ, ਦਿਓਰ ਗੰਭੀਰ ਜ਼ਖਮੀ

0
557

ਹੁਸ਼ਿਆਰਪੁਰ | ਵਿਆਹ ਦੀਆਂ ਤਿਆਰੀਆਂ ਸਬੰਧੀ ਖਰੀਦਦਾਰੀ ਕਰਨ ਘਰੋਂ ਨਿਕਲੀਆਂ ਨਣਾਨ-ਭਰਜਾਈ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਹਾਦਸਾ ਹੁਸ਼ਿਆਰਪੁਰ-ਚੰਡੀਗੜ੍ਹ ਰੋਡ ‘ਤੇ ਸਥਿਤ ਕਸਬਾ ਚੱਬੇਵਾਲ ਵਿਖੇ ਵਾਪਰਿਆ, ਜਿਥੇ ਇਕ ਟਰੱਕ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ 2 ਔਰਤਾਂ ਦੀ ਮੌਤ ਤੇ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।

ਜਾਣਕਾਰੀ ਮੁਤਾਬਕ ਰੋਹਿਤ (18), ਰਜਨੀ (16) ਤੇ ਕਸ਼ਮੀਰੋ (27) ਵਾਸੀ ਪਿੰਡ ਮਹਿਣਾ ਥਾਣਾ ਚੱਬੇਵਾਲ ਜ਼ਿਲਾ ਹੁਸ਼ਿਆਰਪੁਰ ਮੋਟਰਸਾਈਕਲ ‘ਤੇ ਆਪਣੇ ਪਿੰਡ ਤੋਂ ਕਸਬਾ ਚੱਬੇਵਾਲ ਨੂੰ ਜਾ ਰਹੇ ਸਨ, ਜਦੋਂ ਉਹ ਚੱਬੇਵਾਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਕਸ਼ਮੀਰੋ ਤੇ ਰਜਨੀ ਦੀ ਮੌਤ ਹੋ ਗਈ ਤੇ ਰੋਹਿਤ ਗੰਭੀਰ ਜ਼ਖਮੀ ਹੋ ਗਿਆ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਟਰੱਕ ਡਰਾਈਵਰ ਅੰਮ੍ਰਿਤਪਾਲ ਸਿੰਘ ਵਾਸੀ ਚੱਕ ਬ੍ਰਾਹਮਣੀ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਟਰੱਕ ਕਬਜ਼ੇ ‘ਚ ਲੈ ਲਿਆ ਹੈ।