ਹੁਸ਼ਿਆਰਪੁਰ : ਦਿੱਲੀ ਇੰਟਰਨੈਸ਼ਨਲ ਸਕੂਲ ਦੀ ਬੱਸ ਖੇਤਾਂ ‘ਚ ਪਲਟੀ, 6 ਸਾਲਾ ਬੱਚੀ ਦੀ ਮੌਤ

0
1441

ਹੁਸ਼ਿਆਰਪੁਰ। ਹੁਸਿ਼ਆਰਪੁਰ ਦੇ ਹਲਕਾ ਚੱਬੇਆਲ ਅਧੀਨ ਆਉਂਦੇ ਪਿੰਡ ਸੀਣਾਂ ਵਿਚ ਅੱਜ ਬਾਅਦ ਦੁਪਹਿਰ ਚੱਬੇਵਾਲ ਨਜ਼ਦੀਕ ਹੀ ਸਥਿਤ ਦਿੱਲੀ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬੱਸ ਖੇਤਾਂ ‘ਚ ਜਾ ਪਲਟੀ, ਜਿਸ ਕਾਰਨ ਬੱਸ ‘ਚ ਸਵਾਰ ਇਕ 6 ਸਾਲਾ ਬੱਚੀ ਦੀ ਮੌਤ ਹੋ ਗਈ ਜੋ ਕਿ ਪਹਿਲੀ ਜਮਾਤ ਦੀ ਵਿਦਿਆਰਥਣ ਸੀ।

ਮ੍ਰਿਤਕ ਬੱਚੀ ਦੀ ਪਛਾਣ ਜੈਜ਼ਨੂਰ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਪਿੰਡ ਹਾਰਟਾ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਚੱਬੇਵਾਲ ਦੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਜਾਣਕਾਰੀ ਮੁਤਾਬਿਕ ਅੱਜ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸਕੂਲ ਬੱਸ ਵੱਖ-ਵੱਖ ਪਿੰਡਾਂ ‘ਚੋਂ ਹੁੰਦੀ ਹੋਈ ਜਿਵੇਂ ਹੀ ਪਿੰਡ ਸੀਣਾਂ ਪਹੁੰਚੀ ਤਾਂ ਖੇਤਾਂ ‘ਚ ਜਾ ਪਲਟੀ, ਜਿਸ ਕਾਰਨ ਬੱਸ ‘ਚ ਇਕ ਬੱਚੀ ਦੀ ਮੌਤ ਹੋ ਗਈ ਤੇ ਬਾਕੀਆਂ ਦਾ ਬਚਾਅ ਹੋ ਗਿਆ।

ਮ੍ਰਿਤਕ ਲੜਕੀ ਦੇ ਪਿਤਾ ਇਕਬਾਲ ਸਿੰਘ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਵਲੋਂ ਆਪਣੇ ਕਿਸੇ ਦੋਸਤ ਨੂੰ ਬੱਸ ਦੀ ਟਰੇਨਿੰਗ ਦਿੱਤੀ ਜਾ ਰਹੀ ਸੀ, ਜਿਸਨੂੰ ਲੈ ਕੇ ਉਨ੍ਹਾਂ ਵਲੋਂ ਡਰਾਈਵਰ ਨੂੰ ਕਈ ਵਾਰ ਤਾੜਿਆ ਵੀ ਗਿਆ ਤੇ ਹੁਣ ਵੀ ਉਨ੍ਹਾਂ ਨੂੰ ਇਹੀ ਸ਼ੱਕ ਹੈ ਕਿ ਅੱਜ ਵੀ ਬੱਸ ਦੀ ਡਰਾਈਵਿੰਗ ਡਰਾਈਵਰ ਦਾ ਦੋਸਤ ਹੀ ਕਰ ਰਿਹਾ ਹੋਵੇਗਾ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਇਸ ਮੌਕੇ ਉਨ੍ਹਾਂ ਵਲੋਂ ਦੋਸ਼ ਲਾਇਆ ਗਿਆ ਕਿ ਹਾਦਸਾ ਹੋਣ ਦੇ ਬਾਵਜੂਦ ਵੀ ਮੌਕੇ ‘ਤੇ ਨਾ ਤਾਂ ਸਕੂਲ ਪ੍ਰਿੰਸੀਪਲ ਹੀ ਪਹੁੰਚੇ ਨੇ ਤੇ ਨਾ ਹੀ ਟਰਾਂਸਪੋਰਟ ਇੰਚਾਰਜ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ।