ਜਲੰਧਰ ‘ਚ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ, ਡਿਵਾਈਡਰ ‘ਤੇ ਚੜ੍ਹੀ ਕਾਰ, ਐਕਟਿਵਾ ਸਵਾਰ ਲੜਕੀ ਜ਼ਖ਼ਮੀ

0
3

ਜਲੰਧਰ: ਮਕਸੂਦਾਂ ਫਲਾਈਓਵਰ ‘ਤੇ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੇਕਾਬੂ ਹੋ ਕੇ ਡਿਵਾਈਡਰ ‘ਤੇ ਜਾ ਚੜ੍ਹੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਦੌਰਾਨ ਐਕਟਿਵਾ ਸਵਾਰ ਲੜਕੀ ਵੀ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਚਾਲਕ ਮਨੀ ਸਿੰਘ ਨੇ ਦੱਸਿਆ ਕਿ ਉਹ ਕਾਰ ਵਿੱਚ ਪੈਟਰੋਲ ਪਵਾਉਣ ਤੋਂ ਬਾਅਦ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਫਲਾਈਓਵਰ ‘ਤੇ ਚੜ੍ਹ ਰਿਹਾ ਸੀ ਤਾਂ ਤੇਜ਼ ਰਫ਼ਤਾਰ ਐਕਟਿਵਾ ਸਵਾਰ ਲੜਕੀ ਅਚਾਨਕ ਉਸ ਦੀ ਕਾਰ ਦੇ ਸਾਹਮਣੇ ਆ ਗਈ। ਲੜਕੀ ਨੂੰ ਬਚਾਉਣ ਲਈ ਉਸ ਨੇ ਕਾਰ ਦੀ ਰਫ਼ਤਾਰ ਘੱਟ ਕਰ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੇ ਟਰੱਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਡਿਵਾਈਡਰ ‘ਤੇ ਜਾ ਚੜ੍ਹੀ ਅਤੇ ਉਸ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਦੂਜੇ ਪਾਸੇ ਟਰੱਕ ਚਾਲਕ ਵਿਮਲ ਕੁਮਾਰ ਨੇ ਹਾਦਸੇ ਲਈ ਕਾਰ ਚਾਲਕ ਨੂੰ ਜ਼ਿੰਮੇਵਾਰ ਦੱਸਿਆ। ਉਸ ਦਾ ਕਹਿਣਾ ਹੈ ਕਿ ਅੱਗੇ ਜਾ ਰਹੀ ਕਾਰ ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਉਹ ਸਮੇਂ ਸਿਰ ਟਰੱਕ ਨੂੰ ਰੋਕ ਨਹੀਂ ਸਕਿਆ ਅਤੇ ਟੱਕਰ ਹੋ ਗਈ। ਵਿਮਲ ਕੁਮਾਰ ਨੇ ਦੱਸਿਆ ਕਿ ਉਹ ਦਿੱਲੀ ਤੋਂ ਟਰੱਕ ਲੈ ਕੇ ਆਇਆ ਸੀ ਅਤੇ ਦਾਣਾ ਮੰਡੀ ਜਾ ਰਿਹਾ ਸੀ।

ਉੱਧਰ, ਥਾਣਾ ਨੰਬਰ 1 ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਐਕਟਿਵਾ ਸਵਾਰ ਲੜਕੀ ਜ਼ਖ਼ਮੀ ਹੋਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਟਰੱਕ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਲਿਜਾਇਆ ਜਾ ਰਿਹਾ ਹੈ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।