ਜਲੰਧਰ: ਸ਼ਹਿਰ ਦੇ ਵਰਕਸ਼ਾਪ ਚੌਕ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਟਰੱਕ ਨੇ ਸਾਈਕਲ ਸਵਾਰ ਬਜ਼ੁਰਗ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਨੀ ਰਾਮ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਆਪਣਾ ਵਾਹਨ ਮੌਕੇ ‘ਤੇ ਛੱਡ ਕੇ ਫਰਾਰ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਮੁਨੀ ਰਾਮ ਰੋਜ਼ਾਨਾ ਦੀ ਤਰ੍ਹਾਂ ਸਾਈਕਲ ‘ਤੇ ਆਪਣੇ ਕੰਮ ਲਈ ਘਰੋਂ ਨਿਕਲੇ ਸਨ। ਜਦੋਂ ਉਹ ਵਰਕਸ਼ਾਪ ਚੌਕ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਉਹ ਟਰੱਕ ਦੇ ਪਹੀਆਂ ਹੇਠਾਂ ਆ ਗਏ ਅਤੇ ਉਨ੍ਹਾਂ ਦੀ ਜਾਨ ਚਲੀ ਗਈ। ਹਾਦਸੇ ਵਿੱਚ ਸ਼ਾਮਲ ਟਰੱਕ ਦਾ ਨੰਬਰ PV 08 DS 2953 ਦੱਸਿਆ ਜਾ ਰਿਹਾ ਹੈ।
ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਚਸ਼ਮਦੀਦ ਰਜਿੰਦਰ ਬਾਬਾ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਬਜ਼ੁਰਗ ਦੇ ਸਾਹ ਚੱਲ ਰਹੇ ਸਨ। ਲੋਕਾਂ ਵੱਲੋਂ ਐਂਬੂਲੈਂਸ ਅਤੇ ਪੁਲਿਸ ਨੂੰ ਸੂਚਿਤ ਕਰਨ ਲਈ 108, 100 ਅਤੇ 112 ਨੰਬਰਾਂ ‘ਤੇ ਲਗਾਤਾਰ ਫੋਨ ਕੀਤੇ ਗਏ। ਪਰ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਐਂਬੂਲੈਂਸ ਨੂੰ ਮੌਕੇ ‘ਤੇ ਪਹੁੰਚਣ ਲਈ ਕਰੀਬ ਅੱਧਾ ਘੰਟਾ ਲੱਗ ਗਿਆ। ਉਨ੍ਹਾਂ ਨੇੜੇ ਹੀ ਥਾਣਾ ਨੰਬਰ 2 ਹੋਣ ਦੇ ਬਾਵਜੂਦ ਪੁਲਿਸ ਦੇ ਦੇਰੀ ਨਾਲ ਪਹੁੰਚਣ ‘ਤੇ ਵੀ ਨਾਰਾਜ਼ਗੀ ਜਤਾਈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੋਲੋਂ ਕੋਈ ਪਛਾਣ ਪੱਤਰ ਜਾਂ ਮੋਬਾਈਲ ਫੋਨ ਨਹੀਂ ਮਿਲਿਆ। ਉਸ ਕੋਲ ਸਿਰਫ਼ ਇੱਕ ਰੋਟੀ ਵਾਲਾ ਡੱਬਾ ਅਤੇ ਸਾਈਕਲ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਜਾਂਦੀ ਤਾਂ ਸ਼ਾਇਦ ਬਜ਼ੁਰਗ ਦੀ ਜਾਨ ਬਚਾਈ ਜਾ ਸਕਦੀ ਸੀ।
ਉੱਧਰ, ਪੁਲਿਸ ਦੇ ਮੌਕੇ ‘ਤੇ ਪਹੁੰਚਣ ਤੋਂ ਬਾਅਦ ਐਂਬੂਲੈਂਸ ਕਰਮਚਾਰੀਆਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ। ਥਾਣਾ ਨੰਬਰ 2 ਦੀ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।







































