ਮਾਨ ਸਰਕਾਰ ਸੂਬੇ ‘ਚ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ

0
212

ਚੰਡੀਗੜ੍ਹ | ਪੰਜਾਬ ਵਿੱਚ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਇਸ ਕਿੱਤੇ ਦੀ ਜਾਣਕਾਰੀ ਦੇਣ ਦੇ ਉਦੇਸ਼ ਨਾਲ ਮੱਛੀ ਪਾਲਣ ਵਿਭਾਗ ਵੱਲੋਂ ਫਾਈਨ ਆਰਟ ਦੀ ਵਿਦਿਆਰਥਣ ਤੋਂ ਤਿਆਰ ਕਰਵਾਇਆ ਪੋਸਟਰ ਮੱਛੀ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਜਾਰੀ ਕੀਤਾ।

ਮੱਛੀ ਪਾਲਣ ਵਿਭਾਗ ਵੱਲੋਂ ਪੋਸਟਰ ਬਣਵਾਉਣ ਲਈ ਸਰਕਾਰੀ ਫ਼ਾਈਨ ਆਰਟ ਕਾਲਜ, ਸੈਕਟਰ-10, ਚੰਡੀਗੜ੍ਹ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥਣ ਮਿਸ ਪ੍ਰਨੀਤ ਕੌਰ ਦੇ ਪੋਸਟਰ ਦੀ ਚੋਣ ਕੀਤੀ ਗਈ। ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਇਸ ਵਿਦਿਆਰਥਣ ਨੂੰ 10 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਦੱਖਣੀ-ਪੱਛਮੀ ਪੰਜ ਜ਼ਿਲਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫ਼ਰੀਦਕੋਟ ਅਤੇ ਫ਼ਾਜ਼ਿਲਕਾ ਦੀਆਂ ਜ਼ਮੀਨਾਂ ਸੇਮ ਅਤੇ ਖਾਰੇਪਣ ਦੀ ਮਾਰ ਹੇਠ ਹਨ ਅਤੇ ਖੇਤੀ ਤੋਂ ਵਾਂਝੀਆਂ ਪਈਆਂ ਹਨ, ਜਿਨ੍ਹਾਂ ਵਿੱਚ ਝੀਂਗਾ ਪਾਲਣ ਬਹੁਤ ਲਾਭਕਾਰੀ ਸਿੱਧ ਹੋ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਰਾਜ ਵਿੱਚ 1212 ਏਕੜ ਰਕਬਾ ਝੀਂਗਾ ਪਾਲਣ ਅਧੀਨ ਹੈ ਅਤੇ 360 ਤੋਂ ਵੱਧ ਕਿਸਾਨ ਇਸ ਕਿੱਤੇ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਕਿਸਾਨ ਝੀਂਗਾ ਪਾਲਣ ਨਾਲ ਬੰਜਰ ਜ਼ਮੀਨਾਂ ਤੋਂ 3 ਤੋਂ 4 ਲੱਖ ਪ੍ਰਤੀ ਏਕੜ ਦਾ ਮੁਨਾਫ਼ਾ ਪ੍ਰਾਪਤ ਕਰ ਰਹੇ ਹਨ। ਸਾਲ 2022-23 ਦੌਰਾਨ ਸੂਬੇ ਵਿੱਚ 2400 ਟਨ ਤੋਂ ਵੱਧ ਝੀਂਗੇ ਦਾ ਉਤਪਾਦਨ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਗਲੇ ਪੰਜ ਸਾਲਾਂ ਦੌਰਾਨ ਝੀਂਗਾ ਕਿੱਤੇ ਨੂੰ 5,000 ਏਕੜ ਰਕਬੇ ਵਿੱਚ ਪ੍ਰਫੁੱਲਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਝੀਂਗਾ ਪਾਲਣ ਨੂੰ ਪ੍ਰਫੁੱਲਿਤ ਕਰਨ ਲਈ ਮੱਛੀ ਪਾਲਣ ਵਿਭਾਗ ਦਾ ਇੱਕ ਟ੍ਰੇਨਿੰਗ ਸੈਂਟਰ, ਪਿੰਡ ਈਨਾ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸਾਨਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਸ ਸੈਂਟਰ ਤੋਂ ਕਿਸਾਨ ਝੀਂਗਾ ਪਾਲਣ ਦੀ ਮੁਫ਼ਤ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਮਿੱਟੀ ਪਾਣੀ ਦੇ ਨਮੂਨਿਆਂ ਦੀ ਪਰਖ ਸਹੂਲਤ ਵੀ ਇਸ ਸੈਂਟਰ ’ਤੇ ਪ੍ਰਦਾਨ ਕੀਤੀ ਜਾਂਦੀ ਹੈ। ਝੀਂਗਾ ਪਾਲਣ 120 ਦਿਨਾਂ ਦੀ ਗਰਮੀ ਦੀ ਰੁੱਤ ਦੀ ਫ਼ਸਲ ਹੈ। ਪੰਜਾਬ ਵਿੱਚ ਝੀਂਗੇ ਦੇ ਪੂੰਗ ਦੀ ਸਟਾਕਿੰਗ ਅਪ੍ਰੈਲ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਦੀ ਫ਼ਸਲ ਅਗਸਤ ਮਹੀਨੇ ਵਿੱਚ ਪ੍ਰਾਪਤ ਕਰ ਲਈ ਜਾਂਦੀ ਹੈ।

ਮੱਛੀ ਪਾਲਣ ਮੰਤਰੀ ਨੇ ਦੱਸਿਆ ਕਿ ਝੀਂਗਾ ਪਾਲਣ ਦਾ ਸੂਬੇ ਵਿੱਚ ਪਸਾਰ ਕਰਨ ਲਈ ਸਰਕਾਰ ਵੱਲੋਂ 40 ਤੋਂ 60 ਫ਼ੀਸਦੀ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਰਾਜ ਦੇ ਦੱਖਣੀ-ਪੱਛਮੀ ਜ਼ਿਲਿ੍ਹਆਂ ਦੇ ਕਿਸਾਨ ਇਸ ਸਹੂਲਤ ਦਾ ਲਾਹਾ ਲੈ ਕੇ ਇਸ ਕਿੱਤੇ ਦੀ ਸ਼ੁਰੂਆਤ ਕਰ ਸਕਦੇ ਹਨ ਅਤੇ ਵੱਧ ਮੁਨਾਫ਼ਾ ਕਮਾ ਸਕਦੇ ਹਨ।

ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਸੰਯੁਕਤ ਸਕੱਤਰ ਸਕੱਤਰ ਸਿੰਘ ਬੱਲ, ਡਾਇਰੈਕਟਰ ਪਸ਼ੂ ਪਾਲਣ ਡਾ. ਰਾਮ ਪਾਲ ਮਿੱਤਲ, ਡਾਇਰੈਕਟਰ ਮੱਛੀ ਪਾਲਣ ਜਸਬੀਰ ਸਿੰਘ ਅਤੇ ਸਹਾਇਕ ਡਾਇਰੈਕਟਰ ਸਤਿੰਦਰ ਕੌਰ ਤੇ ਜਸਵਿੰਦਰ ਸਿੰਘ ਹਾਜ਼ਰ ਸਨ।