ਘਰ ‘ਚ ਵੜ ਕੇ ਕੀਤਾ ਹਮਲਾ : ਰੰਜਿਸ਼ਨ 2 ਧੜਿਆਂ ‘ਚ ਟਕਰਾਅ, ਤੇਜ਼ਧਾਰ ਹਥਿਆਰਾਂ-ਇੱਟਾਂ ਨਾਲ ਪਾੜੇ ਸਿਰ, ਇਕ-ਦੂਜੇ ‘ਤੇ ਲਾਏ ਚਿੱਟਾ ਵੇਚਣ ਦੇ ਆਰੋਪ

0
806

ਜਲੰਧਰ | ਗਾਂਧੀ ਕੈਂਪ ‘ਚ ਮੰਗਲਵਾਰ ਦੇਰ ਰਾਤ ਮਾਹੌਲ ਤਣਾਅਪੂਰਨ ਹੋ ਗਿਆ। ਇਲਾਕੇ ‘ਚ 2 ਧੜੇ ਆਪਸ ‘ਚ ਭਿੜ ਗਏ ਤੇ ਦੋਵਾਂ ਵਿਚਾਲੇ ਤੇਜ਼ਧਾਰ ਹਥਿਆਰ ਤੇ ਇੱਟਾਂ-ਰੋੜੇ ਚੱਲੇ।

ਦੋਵੇਂ ਧੜੇ ਇੱਕ ਦੂਜੇ ‘ਤੇ ਨਸ਼ਾ ਵੇਚਣ ਦੇ ਆਰੋਪ ਲਗਾ ਰਹੇ ਸਨ। ਜਿਸ ਘਰ ‘ਤੇ ਹਮਲਾ ਹੋਇਆ, ਉਹ ਨੀਰਜ ਨਾਂ ਦੇ ਨੌਜਵਾਨ ਦਾ ਦੱਸਿਆ ਜਾ ਰਿਹਾ ਹੈ ਤੇ ਜਿਸ ਨੌਜਵਾਨ ਦਾ ਸਿਰ ਪਾੜਿਆ, ਉਸ ਦਾ ਨਾਂ ਰੋਹਿਤ ਹੈ। ਉਹ ਨੀਰਜ ਦੀ ਹੀ 120 ਫੁੱਟੀ ਰੋਡ ‘ਤੇ ਸਥਿਤ ਲੋਹੇ ਦੇ ਗਰਿੱਲਾਂ-ਗੇਟ ਬਣਾਉਣ ਦੀ ਦੁਕਾਨ ‘ਤੇ ਕੰਮ ਕਰਦਾ ਹੈ।

ਰੋਹਿਤ ਨੇ ਦੱਸਿਆ ਕਿ ਉਹ ਦੇਰ ਰਾਤ ਦੁਕਾਨ ਤੋਂ ਵਾਪਸ ਆ ਕੇ ਘਰ ਪਹੁੰਚਿਆ ਹੀ ਸੀ ਕਿ ਇਲਾਕੇ ਦੇ ਲੱਕੀ ਪੇਂਟਰ ਤੇ ਉਸ ਦੇ ਭਰਾ ਹੈਪੀ ਸਮੇਤ ਕਰੀਬ 20-25 ਲੋਕਾਂ ਨੇ ਉਸ ਦੇ ਘਰ ਹਮਲਾ ਕਰ ਦਿੱਤਾ।

ਲੱਕੀ ਪੇਂਟਰ ਨੇ ਉਸ ਦੇ ਸਿਰ ‘ਤੇ ਦਾਤਰ ਮਾਰਿਆ, ਜਿਸ ਕਾਰਨ ਉਸ ਦਾ ਸਿਰ ਪਾਟ ਗਿਆ। ਨੀਰਜ ਤੇ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਵੀ ਫੋਨ ਕੀਤਾ ਪਰ ਪੁਲਿਸ ਦੇਰ ਰਾਤ ਤੱਕ ਉਨ੍ਹਾਂ ਤੱਕ ਨਹੀਂ ਪਹੁੰਚੀ।

ਹਮਲਾਵਰ ਲੱਕੀ ਤੇ ਉਸ ਦੇ ਸਾਥੀ ਇਹ ਵੀ ਕਹਿ ਰਹੇ ਸਨ ਕਿ ਕਰ ਲਓ ਪੁਲਿਸ ਨੂੰ ਫੋਨ, ਉਹ ਨਹੀਂ ਆਏਗੀ, ਜਦਕਿ ਦੂਜੇ ਧੜੇ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੇ ਉਨ੍ਹਾਂ ਦੇ ਇਕ ਨੌਜਵਾਨ ਨੂੰ ਕੁੱਟਿਆ ਸੀ, ਜਿਸ ਕਾਰਨ ਉਨ੍ਹਾਂ ਨੇ ਨੀਰਜ ਦੇ ਘਰ ‘ਤੇ ਹਮਲਾ ਕੀਤਾ।

ਨਸ਼ੇ ਦੀ ਸਪਲਾਈ ਨੂੰ ਲੈ ਕੇ ਆਪਸ ‘ਚ ਰੰਜਿਸ਼

ਦੋਵੇਂ ਧੜੇ ਇੱਕ-ਦੂਜੇ ‘ਤੇ ਨਸ਼ਿਆਂ ਦੀ ਵਿਕਰੀ ਰੋਕਣ ਕਰਕੇ ਰੰਜਿਸ਼ ਰੱਖਣ ਦੇ ਆਰੋਪ ਲਗਾ ਰਹੇ ਹਨ। ਨੀਰਜ ਦਾ ਕਹਿਣਾ ਹੈ ਕਿ ਮੁਹੱਲੇ ‘ਚ ਹੀ ਕਾਲੀ ਨਾਂ ਦਾ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ।

ਉਸ ਨੂੰ ਨਸ਼ਾ ਵੇਚਣ ਤੋਂ ਰੋਕਿਆ ਸੀ, ਜਿਸ ਕਰਕੇ ਉਹ ਰੰਜਿਸ਼ ਰੱਖਦਾ ਹੈ ਤੇ ਲੱਕੀ ਸਮੇਤ ਕਈ ਨੌਜਵਾਨ ਨਸ਼ੇ ਦੇ ਕਾਰੋਬਾਰ ਵਿੱਚ ਕਾਲੀ ਦੇ ਨਾਲ ਹਨ। ਇਸ ਤੋਂ ਪਹਿਲਾਂ ਵੀ ਉਹ 2 ਵਾਰ ਉਸ ‘ਤੇ ਹਮਲਾ ਕਰ ਚੁੱਕਾ ਹੈ।

ਇਸ ਦੌਰਾਨ ਕਾਲੀ ਤੇ ਲੱਕੀ ਨੇ ਕਿਹਾ ਕਿ ਨੀਰਜ ਦਾ ਰਿਕਾਰਡ ਥਾਣੇ ਜਾ ਕੇ ਦੇਖਿਆ ਜਾ ਸਕਦਾ ਹੈ। ਇਸ ‘ਤੇ ਚਿੱਟਾ ਵੇਚਣ ਦੇ ਪਰਚੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨੀਰਜ ਦੇ ਲੋਕਾਂ ਨੇ ਉਨ੍ਹਾਂ ਦੇ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਸੀ, ਜਿਸ ਦਾ ਇਹ ਪ੍ਰਤੀਕਰਮ ਸਾਹਮਣੇ ਆਇਆ ਹੈ।

ਰਸਤੇ ‘ਚ ਘੇਰ ਲੈਣਗੇ, ਨਹੀਂ ਜਾਵਾਂਗਾ ਹਸਪਤਾਲ

ਨੀਰਜ ਦੀ ਦੁਕਾਨ ‘ਤੇ ਕੰਮ ਕਰਦੇ ਰੋਹਿਤ, ਜਿਸ ਦੇ ਸਿਰ ‘ਚ ਸੱਟ ਲੱਗੀ ਸੀ, ਨੂੰ ਸਾਰਿਆਂ ਨੇ ਹਸਪਤਾਲ ਜਾਣ ਲਈ ਕਿਹਾ ਪਰ ਉਹ ਇੰਨਾ ਡਰਿਆ ਹੋਇਆ ਸੀ ਕਿ ਉਹ ਹਸਪਤਾਲ ਜਾਣ ਤੋਂ ਮਨ੍ਹਾ ਕਰ ਰਿਹਾ ਸੀ।

ਰੋਹਿਤ ਨੇ ਦੱਸਿਆ ਕਿ ਉਹ ਧਮਕੀ ਦੇ ਕੇ ਚਲਾ ਗਿਆ ਹੈ ਕਿ ਜੇਕਰ ਉਹ ਘਰੋਂ ਬਾਹਰ ਨਿਕਲਿਆ ਤਾਂ ਉਹ ਉਸ ਦੀ ਫਿਰ ਕੁੱਟਮਾਰ ਕਰੇਗਾ। ਉਹ ਮੁਹੱਲੇ ‘ਚ ਹੀ ਅੱਗੇ ਖੜ੍ਹੇ ਹੋਣਗੇ ਤੇ ਉਸ ‘ਤੇ ਦੁਬਾਰਾ ਹਮਲਾ ਕਰ ਸਕਦੇ ਹਨ, ਜਦੋਂ ਤੱਕ ਪੁਲਿਸ ਨਹੀਂ ਆਉਂਦੀ, ਉਹ ਨਹੀਂ ਜਾਵੇਗਾ।