ਜਲੰਧਰ . ਬੀਜੇਪੀ ਦੇ ਹਿਮਾਚਲ ਸੂਬੇ ਦੇ ਪ੍ਰਧਾਨ ਡਾ. ਰਾਜੀਵ ਬਿੰਦਲ ਨੇ ਆਪਣੇ ਅਹੁੱਦੇ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ। ਡਾ. ਬਿੰਦਲ ਨੇ ਕਿਹਾ ਕਿ ਸਿਆਸਤ ‘ਚ ਨੈਤਿਕ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਅਸਤੀਫਾ ਦੇ ਰਿਹਾ ਹਾਂ। ਇਹ ਅਸਤੀਫਾ ਹਿਮਾਚਲ ਸੂਬੇ ਦੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਅਜੇ ਗੁਪਤਾ ਦੀ ਗ੍ਰਿਫਤਾਰੀ ਤੋਂ ਬਾਅਦ ਆਇਆ ਹੈ। ਡਾ. ਗੁਪਤਾ ‘ਤੇ ਲੱਖਾਂ ਰੁਪਏ ਦੇ ਪੀਪੀਏ ਕਿੱਟਾਂ ਦੇ ਘੋਟਾਲੇ ਕਰਨ ਦਾ ਇਲਜ਼ਾਮ ਹੈ। ਹਿਮਾਚਲ ‘ਚ ਇੱਕ ਆਡੀਓ ਕਲਿੱਪ ਵਾਇਰਲ ਹੋਇਆ ਜਿਸ ‘ਚ ਡਾ. ਗੁਪਤਾ ਕਿਸੇ ਨਾਲ ਪੰਜ ਲੱਖ ਰੁਪਏ ਲੈਣ ਦੀ ਗੱਲ ਕਰ ਰਹੇ ਹਨ। ਅਰੋਪ ਹੈ ਕਿ ਵਾਇਰਲ ਆਡੀਓ ਵਿੱਚ ਡਾ. ਰਾਜੀਵ ਬਿੰਦਲ ਦਾ ਨਾਂ ਲਿਆ ਜਾ ਰਿਹਾ ਹੈ।
ਡਾ. ਗੁਪਤਾ ਦੀ ਗ੍ਰਿਫਤਾਰੀ 21 ਮਈ ਨੂੰ ਹਿਮਾਚਲ ਪੁਲਿਸ ਦੇ ਵਿਜੀਲੈਂਸ ਵਿਭਾਗ ਨੇ ਕੀਤੀ ਸੀ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਗਰਮ ਹੋ ਗਈ। ਕੋਰੋਨਾ ਸੰਕਟ ਦੌਰਾਨ ਪੂਰੇ ਮੁਲਕ ‘ਚ ਕੋਰੋਨਾ ਜਾਂਚ ਕਿੱਟ ਨੂੰ ਲੈ ਕੇ ਨਕਲੀ ਵੈਂਟੀਲੇਟਰ ਖਰੀਦਣ ਤੱਕ ਦੇ ਇਲਜ਼ਾਮ ਲੱਗ ਰਹੇ ਹਨ। ਇਸ ਕਾਰਨ ਕੇਂਦਰ ਸਰਕਾਰ ਤੋਂ ਲੈ ਕੇ ਗੁਜਰਾਤ ਦੀ ਬੀਜੇਪੀ ਸਰਕਾਰ ਅਤੇ ਫਿਰ ਹਿਮਾਚਲ ਦੀ ਬੀਜੇਪੀ ਸਰਕਾਰ ‘ਤੇ ਸਵਾਲ ਖੜ੍ਹੇ ਹੋਣ ਲਗ ਪਏ ਸਨ। ਗੁਜਰਾਤ ਦੇ ਅਹਿਮਦਾਬਾਦ ਸਿਵਲ ਹਸਪਤਾਲ ‘ਚ ਨਕਲੀ ਵੈਂਟੀਲੇਟਰਾਂ ਦੀ ਸਪਲਾਈ ਕਰਵਾਉਣ ਦੇ ਇਲਜ਼ਾਣ ਸੂਬੇ ਦੇ ਮੁੱਖ ਮੰਤਰੀ ਵਿਜੇ ਰੁਪਾਣੀ ‘ਤੇ ਲੱਗੇ ਸਨ। ਇਲਜ਼ਾਮ ਹੈ ਕਿ ਰੁਪਾਨੀ ਦੇ ਦੋਸਤ ਨੇ ਇਹ ਨਕਲੀ ਵੈਂਟੀਲੇਟਰ ਬਣਾਏ ਸਨ। ਸਿਵਿਲ ਹਸਪਤਾਲ ‘ਚ ਕੋਰੋਨਾ ਨਾਲ ਹੋਈਆਂ ਮੌਤਾਂ ਲਈ ਇਨ੍ਹਾਂ ਨਕਲੀ ਵੈਂਟੀਲੇਟਰਾਂ ਨੂੰ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ।
ਗੁਜਰਾਤ ‘ਚ ਹਾਲੇ ਤੱਕ ਨਕਲੀ ਵੈਂਟੀਲੇਟਰਾਂ ਬਾਰੇ ਕੋਈ ਐਕਸ਼ਨ ਨਹੀਂ ਹੋਇਆ ਪਰ ਹਿਮਾਚਲ ਵਿੱਚ ਬੀਜੇਪੀ ਦੇ ਸੂਬਾ ਪ੍ਰਧਾਨ ਦਾ ਨਾਂ ਆਉਣ ਤੋਂ ਬਾਅਦ ਡਾ. ਬਿੰਦਲ ਨੂੰ ਅਸਤੀਫਾ ਦੇਣਾ ਪਿਆ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵੀ ਹਿਮਾਚਲ ਸੂਬੇ ਤੋਂ ਹੀ ਹਨ। ਇਹ ਮਾਮਲਾ ਉੱਠਣ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦਿੱਲੀ ਗਏ। ਇਸ ਤੋਂ ਬਾਅਦ ਅੱਜ ਡਾ. ਬਿੰਦਲ ਦਾ ਅਸਤੀਫਾ ਹੋ ਗਿਆ। ਡਾ. ਬਿੰਦਲ ਹੋਮਿਓਪੈਥ ਹਨ ਅਤੇ ਜਨਵਰੀ ਤੋਂ ਪਹਿਲਾਂ ਹਿਮਾਚਲ ਸੂਬੇ ਦੇ ਵਿਧਾਨਸਭਾ ਸਪੀਕਰ ਸਨ। ਡਾ. ਬਿੰਦਲ ਅਤੇ ਗ੍ਰਿਫਤਾਰ ਹੋ ਚੁੱਕੇ ਡਾ. ਅਜੇ ਗੁਪਤਾ ਸੋਲਨ ਜਿਲੇ ਤੋਂ ਹਨ।