ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਮਰਾਲਾ ਵਿਖੇ 30 ਬੈੱਡ ਵਾਲੇ ਜੱਚਾ-ਬੱਚਾ ਸਿਹਤ ਕੇਂਦਰ ਸਥਾਪਤ ਕਰਨ ਦਾ ਐਲਾਨ

0
1894

ਚੰਡੀਗੜ/ਲੁਧਿਆਣਾ | ਸਮਰਾਲਾ ਸਬ-ਡਵੀਜ਼ਨ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ.ਬਲਬੀਰ ਸਿੰਘ ਸਿੱਧੂ ਵੱਲੋਂ ਅੱਜ 30 ਬੈਡਾਂ ਵਾਲੇ ਜੱਚਾ-ਬੱਚਾ ਸਿਹਤ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ।
ਸ੍ਰੀ ਸ਼ਕਤੀ ਆਨੰਦ ਦੇ ਨਵੇਂ ਸਥਾਪਤ ਕੀਤੇ ਮਾਛੀਵਾੜਾ ਇੰਪਰੂਵਮੈਂਟ ਟਰੱਸਟ ਦੇ ਪਹਿਲੇ ਚੇਅਰਮੈਨ ਬਣਨ ਮੌਕੇ ਰੱਖੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਢਾਂਚੇ ਨੂੰ ਵਧਾਉਣ ਲਈ ਵਚਨਬੱਧ ਹੈ ਅਤੇ ਇਹ ਨਵਾਂ ਕੇਂਦਰ ਇਲਾਕੇ ਦੀਆਂ ਮਾਵਾਂ ਅਤੇ ਨਵਜੰਮੇ ਬੱਚਿਆਂ ਲਈ ਵਧੀਆ ਇਲਾਜ ਸਹੂਲਤਾਂ ਨੂੰ ਯਕੀਨੀ ਬਣਾਏਗਾ।

ਉਨਾਂ ਕਿਹਾ ਕਿ ਇਹ ਸਮਰਾਲਾ ਦੇ ਸਿਵਲ ਹਸਪਤਾਲ ਤੋਂ ਵੱਖਰੀ ਇਮਾਰਤ ਹੋਵੇਗੀ ਅਤੇ ਕੇਂਦਰ ‘ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ।
ਉਨਾਂ ਕਿਹਾ ਕਿ ਰਾਜ ਸਰਕਾਰ ਗਰਭਵਤੀ ਮਹਿਲਾਵਾਂ ਦੀ ਦੇਖਭਾਲ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਇੱਕ ਹੀ ਛੱਤ ਹੇਠ ਮੁਲਕ ਦੇ ਜ਼ਿਆਦਾਤਰ ਸੂਬਿਆਂ ਨਾਲੋਂ ਲਗਾਤਾਰ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ।

ਉਨਾਂ ਕਿਹਾ ਕਿ ਇਮਾਰਤ ਦੇ ਹੋਂਦ ਵਿੱਚ ਆਉਣ ਤੋਂ ਬਾਅਦ, ਲੋੜੀਂਦੇ ਬੁਨਿਆਦੀ ਢਾਂਚੇ ਅਤੇ ਉਪਕਰਣਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਅਤੇ ਗਾਇਨੀਕੋਲੋਜਿਸਟਸ, ਬਾਲ ਰੋਗ ਮਾਹਿਰ, ਸਟਾਫ ਨਰਸਾਂ ਅਤੇ ਹੋਰ ਪੈਰਾ -ਮੈਡੀਕਲ ਸਟਾਫ ਵੀ ਨਿਯੁਕਤ ਕੀਤੇ ਜਾਣਗੇ।

ਸ.ਸਿੱਧੂ ਨੇ ਕਿਹਾ ਕਿ ਇਹ ਕੇਂਦਰ ਦਵਾਈਆਂ, ਭੋਜਨ, ਨਵਜੰਮੇ ਬੱਚਿਆਂ ਦੀ ਖੁਰਾਕ, ਮਾਂ ਅਤੇ ਬੱਚੇ ਨੂੰ ਆਵਾਜਾਈ ਸਮੇਤ ਪੂਰੀ ਤਰਾਂ ਮੁਫਤ ਇਲਾਜ ਮੁਹੱਈਆ ਕਰਵਾਏਗਾ।

ਕੈਬਨਿਟ ਮੰਤਰੀ ਵੱਲੋਂ ਝਾੜ ਸਾਹਿਬ, ਪੰਜਗਰਾਈਂ ਅਤੇ ਹੰਬੋਵਾਲ ਸਿਹਤ ਉਪ ਕੇਂਦਰਾਂ ਨੂੰ ਪ੍ਰਾਇਮਰੀ ਸਿਹਤ ਕੇਂਦਰਾਂ ਵਜੋਂ ਅਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ।

ਉਨਾਂ ਕੋਵਿਡ-19 ਮਹਾਂਮਾਰੀ ਦੀਆਂ ਪਹਿਲੀ ਅਤੇ ਦੂਜੀ ਲਹਿਰਾਂ ਦੌਰਾਨ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਵੀ ਇਕੱਠ ਨੂੰ ਵਿਸਥਾਰ ਨਾਲ ਦੱਸਿਆ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਵਿੱਚ ਕੈਸ਼ਲੈਸ ਇਲਾਜ ਲਈ ਆਪਣਾ ਨਾਮ ਦਰਜ ਕਰਵਾ ਕੇ ਸਰਬੱਤ ਸਿਹਤ ਬੀਮਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਇਸ ਦੌਰਾਨ ਸਮਰਾਲਾ ਦੇ ਵਿਧਾਇਕ ਸ.ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਮਾਛੀਵਾੜਾ ਵਿੱਚ ਇੰਪਰੂਵਮੈਂਟ ਟਰੱਸਟ ਦਾ ਗਠਨ ਇਸ ਇਤਿਹਾਸਕ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਦੇਵੇਗਾ।

ਉਨਾਂ ਕਿਹਾ ਕਿ ਇਸ ਨਾਲ ਖਾਸ ਕਰਕੇ ਮਾਛੀਵਾੜਾ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਰਾਹ ਖੁੱਲਣਗੇ। ਮਾਛੀਵਾੜਾ ਵਿਖੇ ਫੂਡ ਪ੍ਰੋਸੈਸਿੰਗ ਇੰਡਸਟਰੀ ਅਤੇ ਆਈ.ਟੀ.ਆਈ. ਦੇ ਪ੍ਰਾਜੈਕਟ ਛੇਤੀ ਹੀ ਮੁਕੰਮਲ ਹੋ ਜਾਣਗੇ ਜਿਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਮਿਲੇਗਾ ਅਤੇ ਉਨਾਂ ਕਿਹਾ ਕਿ ਇਸ ਹਲਕੇ ਦੀ ਹਰੇਕ ਪਿੰਡ ਦੀ ਪੰਚਾਇਤ ਨੂੰ 25 ਤੋਂ 50 ਲੱਖ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਪ੍ਰਾਪਤ ਹੋਈਆਂ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਚੇਅਰਮੈਨ ਸ੍ਰੀ ਸ਼ਕਤੀ ਆਨੰਦ ਨੇ ਕਿਹਾ ਕਿ ਉਹ ਉਨਾਂ ਨੂੰ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਉਨਾਂ ਦੀ ਤਰਜੀਹ ਲੁਧਿਆਣਾ ਦੇ ਇਸ ਇਤਿਹਾਸਕ ਕਸਬੇ ਵਿੱਚ ਨਵੀਆਂ ਰਿਹਾਇਸ਼ੀ ਕਲੋਨੀਆਂ ਰਾਹੀਂ ਵੱਖ-ਵੱਖ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਨਾ ਹੋਵੇਗਾ।

ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਵਿਕਰਮਜੀਤ ਸਿੰਘ ਪੈਂਥੇ, ਸਿਵਲ ਸਰਜਨ ਡਾ. ਕਿਰਨ ਗਿੱਲ ਆਹਲੂਵਾਲੀਆ, ਸਮਰਾਲਾ ਨਗਰ ਕੌਂਸਲ ਦੇ ਮੁਖੀ ਕਰਨਵੀਰ ਸਿੰਘ ਢਿੱਲੋਂਂ, ਪ੍ਰਧਾਨ ਸੁਰਿੰਦਰ ਕੁੰਦਰਾ, ਕਾਂਗਰਸੀ ਆਗੂ ਕਾਮਿਲ ਬੋਪਾਰਾਏ ਅਤੇ ਹੋਰ ਹਾਜ਼ਰ ਸਨ।

(ਨੋਟ – (ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ) ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)