ਲੁਧਿਆਣਾ, 21 ਸਤੰਬਰ | ਇਥੋਂ ਦੀ ਮੁਸਲਿਮ ਕਾਲੋਨੀ ਸ਼ੇਰਪੁਰ ‘ਚ ਸਥਿਤ ਇਕ ਨਿੱਜੀ ਸਕੂਲ ‘ਚ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਸਾਹਮਣੇ ਆਈ ਹੈ। ਦੋਸ਼ ਹੈ ਕਿ ਸਕੂਲ ਦੇ ਅਧਿਆਪਕ ਨੇ ਆਪਣੇ ਵਿਦਿਆਰਥੀਆਂ ਦੇ ਹੱਥ ‘ਚ ਡੰਡੇ ਫੜ੍ਹਾ ਕੇ ਇਕ ਬੱਚੇ ਦੇ ਪੈਰਾਂ ‘ਤੇ ਮਾਰੇ। ਮੋਤੀ ਨਗਰ ਥਾਣੇ ‘ਚ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਦੋਸ਼ੀ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਅਧਿਆਪਕ ਭਗਵਾਨ ਅਤੇ ਉਸ ਦਾ ਪਿਤਾ ਰਾਮ ਇਕਬਾਲ ਉਕਤ ਸਕੂਲ ਨੂੰ ਚਲਾਉਂਦੇ ਹਨ। ਬੀਤੇ ਦਿਨ ਸਕੂਲ ਦੇ ਇਕ ਬੱਚੇ ਤੋਂ ਕੋਈ ਛੋਟੀ ਜਿਹੀ ਗਲਤੀ ਹੋ ਗਈ। ਇਸ ਤੋਂ ਬਾਅਦ ਅਧਿਆਪਕ ਨੇ ਹੱਦਾਂ ਪਾਰ ਕਰਦੇ ਹੋਏ ਬੱਚੇ ਨੂੰ ਥਰਡ ਡਿਗਰੀ ਟਾਰਚਰ ਕੀਤਾ। ਬੱਚਾ ਰੋ-ਰੋ ਮੁਆਫ਼ੀ ਮੰਗਦਾ ਰਿਹਾ ਪਰ ਅਧਿਆਪਕ ਨੂੰ ਉਸ ‘ਤੇ ਭੋਰਾ ਵੀ ਤਰਸ ਨਹੀਂ ਆਇਆ। ਬੱਚਾ ਵਾਰ-ਵਾਰ ਕਹਿੰਦਾ ਰਿਹਾ ਕਿ ਮੁਆਫ਼ ਕਰ ਦਿਓ ਪਰ ਬੇਰਹਿਮੀ ਅਧਿਆਪਕ ਦਾ ਦਿਲ ਇਕ ਵਾਰ ਵੀ ਨਾ ਪਿਘਲਿਆ ਅਤੇ ਉਹ ਲਗਾਤਾਰ ਉਸ ਦੇ ਡੰਡੇ ਮਾਰਦਾ ਰਿਹਾ।
ਜਦੋਂ ਇਹ ਪੂਰਾ ਮਾਮਲਾ ਪੀੜਤ ਬੱਚੇ ਦੇ ਮਾਪਿਆਂ ਦੇ ਧਿਆਨ ‘ਚ ਆਇਆ ਤਾਂ ਉਨ੍ਹਾਂ ਨੇ ਤੁਰੰਤ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪੀੜਤ ਬੱਚੇ ਦਾ ਮੈਡੀਕਲ ਟੈਸਟ ਕਰਵਾਇਆ। ਫਿਲਹਾਲ ਦੋਸ਼ੀ ਅਧਿਆਪਕ ਫ਼ਰਾਰ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਨੇ ਉਸ ਦੇ ਪਿਤਾ ਰਾਮ ਇਕਬਾਲ ਨੂੰ ਹਿਰਾਸਤ ‘ਚ ਲੈ ਲਿਆ ਹੈ।