ਗੁੜਗਾਓਂ| ਹਰਿਆਣਾ ਦੇ ਗੁੜਗਾਓਂ ਵਿਚ ਇਕ ਹਾਈ ਪ੍ਰੋਫਾਈਲ ਸੁਸਾਇਟੀ ਵਿਚ ਰਹਿਣ ਵਾਲੀ ਇਕ ਬਜ਼ੁਰਗ ਮਹਿਲਾ ਨਾਲ ਉਸਦੇ ਇੰਸਟਾਗ੍ਰਾਮ ਦੋਸਤ ਨੇ ਦੋ ਕਰੋੜ ਦੀ ਠੱਗੀ ਮਾਰੀ ਹੈ।
ਬਦਮਾਸ਼ ਨੇ ਮਹਿਲਾ ਨੂੰ ਮਹਿੰਗਾ ਤੋਹਫਾ ਭੇਜਣ ਦਾ ਝਾਂਸਾ ਦਿੱਤਾ ਸੀ। ਤੋਹਫਾ ਲੈਣ ਦੇ ਲਾਲਚ ਵਿਚ ਮਹਿਲਾ ਨੇ ਆਪਣਾ ਘਰ ਵੀ ਵੇਚ ਦਿੱਤਾ ਤੇ ਆਪਣੇ ਗਹਿਣੇ ਵੀ ਗਹਿਣੇ ਰੱਖ ਦਿੱਤੇ। ਇੰਨਾ ਹੀ ਨਹੀਂ ਰਿਸ਼ਤੇਦਾਰਾਂ ਤੋਂ ਵੀ ਪੈਸੇ ਉਧਾਰ ਲੈ ਲਏ।
ਧੋਖਾਧੜੀ ਦਾ ਪਤਾ ਲੱਗਣ ਉਤੇ ਉਸਦੇ ਲੜਕਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਸਾਈਬਰ ਸੈੱਲ ਥਾਣਾ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮਹਿਲਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸਦੇ ਬੱਚੇ ਵੀ ਵਿਆਹੇ ਹੋਏ ਹਨ। ਕੁਝ ਸਮਾਂ ਪਹਿਲਾਂ ਇੰਸਟਾ ਜ਼ਰੀਏ ਉਸਦੀ ਐਲੇਕਸ ਨਾਂ ਦੇ ਨੌਜਵਾਨ ਨਾਲ ਗੱਲ ਹੋਈ ਸੀ। ਉਕਤ ਨੌਜਵਾਨ ਨੇ ਉਸਨੂੰ ਪਾਇਲਟ ਦੱਸਿਆ ਤੇ ਗੱਲਾਂ ਵਿਚ ਫਸਾ ਕੇ ਮਹਿਲਾ ਦਾ ਮੋਬਾਈਲ ਨੰਬਰ ਲੈ ਲਿਆ।
ਵਟਸਐਪ ਉਤੇ ਲਗਾਤਾਰ ਗੱਲ ਹੋਣ ਉਤੇ ਐਲੇਕਸ ਨੇ ਉਸਨੂੰ ਮਹਿੰਗਾ ਤੋਹਫਾ ਭੇਜਣ ਦਾ ਕਹਿ ਕੇ ਸ਼ਿਪਿੰਗ ਚਾਰਜ ਦੇ ਨਾਂ ਉਤੇ 35 ਹਜ਼ਾਰ ਰੁਪਏ ਦੀ ਮੰਗ ਕੀਤੀ। ਮਹਿਲਾ ਨੇ ਉਹ ਪੈਸੇ ਦੇ ਦਿੱਤੇ, ਬਾਅਦ ਵਿਚ ਉਸਨੂੰ ਕਥਿਤ ਕਸਟਮ ਅਧਿਕਾਰੀ ਦਾ ਫੋਨ ਆਇਆ ਤੇ ਉਸਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਤੋਹਫਾ ਇਥੇ ਫਸਿਆ ਹੋਇਆ ਹੈ ਤੇ ਇਥੋਂ ਹੀ ਬਦਮਾਸ਼ ਨੇ ਧੋਖਾਦੇਹੀ ਦਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ।
ਬਦਮਾਸ਼ ਮਹਿਲਾ ਨੂੰ ਡਰਾ ਧਮਕਾਅ ਕੇ ਵਾਰ ਵਾਰ ਪੈਸੇ ਟਰਾਂਸਫਰ ਕਰਦੇ ਰਹੇ। ਮੁਲਜ਼ਮਾਂ ਨੇ ਇੰਨਾ ਦਬਾਅ ਪਾਇਆ ਕਿ ਮਹਿਲਾ ਨੇ ਆਪਣਾ ਪਲਾਟ, ਗਹਿਣੇ ਤੱਕ ਵੇਚ ਦਿੱਤੇ। ਇਸੇ ਦੌਰਾਨ ਮਹਿਲਾ ਦੇ ਖਾਤੇ ਵਿਚੋਂ ਕਿਸੇ ਅਣਪਛਾਤੇ ਦੇ ਖਾਤੇ ਵਿਚ ਲੱਖਾਂ ਰੁਪਏ ਟਰਾਂਸਫਰ ਹੋਣ ਦਾ ਮੈਸੇਜ ਉਸਦੇ ਪੁੱਤਰ ਦੇ ਫੋਨ ਉਤੇ ਆਇਆ ਤਾਂ ਇਸਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਜਾਂਚ ਵਿਚ ਪਤਾ ਲੱਗਾ ਕਿ ਮਹਿਲਾ ਨੇ 2 ਕਰੋੜ ਦੇ ਲੱਗਭਗ ਪੈਸੇ ਟਰਾਂਸਫਰ ਕਰ ਦਿੱਤੇ ਸਨ।