ਆਸਟ੍ਰੇਲੀਆ ‘ਚ ਪੰਜਾਬੀ ਮੂਲ ਦੇ ਗੁਰਦਾਵਰ ਸਿੰਘ ਰਚਣ ਜਾ ਰਹੇ ਇਤਿਹਾਸ, ਬਣ ਸਕਦੇ ਹਨ ਆਸਟ੍ਰੇਲੀਆ ਦੇ ਪਹਿਲੇ ਦਸਤਾਰਧਾਰੀ ਐਮਪੀ

0
833

ਮੈਲਬਰਨ (ਆਸਟ੍ਰੇਲੀਆ) | ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਅੱਜ-ਕੱਲ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਇਨ੍ਹਾਂ ਸੂਬਾਈ ਚੋਣਾਂ ਵਿੱਚ ਹੋਰ ਉਮੀਦਵਾਰਾਂ ਤੋਂ ਇਲਾਵਾ ਪੰਜਾਬੀ ਮੂਲ ਦੇ ਗੁਰਦਾਵਰ ਸਿੰਘ ਵੀ ਥਾਮਸਟਾਊਨ ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਵਿਕਟੋਰੀਆ ਸੂਬੇ ‘ਚ ਸੱਤਾ ‘ਤੇ ਕਾਬਜ਼ ਰਹੀ ਲੇਬਰ ਪਾਰਟੀ ਦੀ ਮੁੱਖ ਵਿਰੋਧੀ ਧਿਰ ਲਿਬਰਲ ਦੀ ਟਿਕਟ ਤੋਂ ਚੋਣ ਲੜ ਰਹੇ ਗੁਰਦਾਵਰ ਸਿੰਘ ਦੇ ਦੱਸਣ ਮੁਤਾਬਕ ਇੰਨਾ ਵੋਟਾਂ ਵਿੱਚ ਉਹਨਾਂ ਨੂੰ ਅਤੇ ਲਿਬਰਲ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੁਰਦਾਵਰ ਸਿੰਘ ਨੇ ਦੱਸਿਆ ਕਿ ਵਿਕਟੋਰੀਆ ਸਟੇਟ ਦੇ ਵਸਨੀਕ ਪਿਛਲੀ ਲੇਬਰ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਦੁਖੀ ਅਤੇ ਪਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਡੈਨੀਅਲ ਐਂਡੀਰਊ ਦੀ ਅਗਵਾਈ ਵਾਲੀ ਲੇਬਰ ਸਰਕਾਰ ਤੋਂ ਅੱਕੇ ਹੋਏ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਲੋਕਾਂ ਦੀਆਂ ਆਸਾਂ ਉਮੀਦਾਂ ਲਿਬਰਲ ‘ਤੇ ਹੀ ਲੱਗੀਆਂ ਹੋਈਆਂ ਹਨ।

ਗੁਰਦਾਵਰ ਸਿੰਘ ਨੇ ਅੱਗੇ ਦੱਸਿਆ ਕਿ ਲਿਬਰਲ ਪਾਰਟੀ ਦੇ ਆਗੂ ਮੈਥਿਊ ਗਾਇ ਦੀ ਅਗਵਾਈ ਵਿੱਚ ਬਨਣ ਜਾ ਰਹੀ ਨਵੀਂ ਸਰਕਾਰ ਪੂਰੀ ਤਰਾਂ ਨਾਲ ਲੋਕ-ਪੱਖੀ ਹੋਵੇਗੀ ਅਤੇ ਸਰਕਾਰ ਵਿੱਚ ਖਾਸ ਤੌਰ ‘ਤੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਨਾਲ ਜੁੜੀਆਂ ਨੀਤੀਆਂ ਨੂੰ ਤਰਜੀਹ ਦਿੱਤੀ ਜਾਵੇਗੀ।

ਗੁਰਦਾਵਰ ਸਿੰਘ ਨੇ ਆਪਣੇ ਹਲਕੇ ਸਮੇਤ ਵਿਕਟੋਰੀਆ ਸਟੇਟ ਦੇ ਸਮੂਹ ਭਾਰਤੀ ਭਾਈਚਾਰੇ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਲਿਬਰਲ ਪਾਰਟੀ ਦੇ ਹੱਕ ਵੱਧ ਚੜ ਕੇ ਵੋਟਾਂ ਪਾਉਣ ਤਾਂ ਜੋ ਅਗਲੀ ਸਰਕਾਰ ਵਿਚ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਇਆ ਜਾ ਸਕੇ l
ਇਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਗੁਰਦਾਵਰ ਸਿੰਘ ਥਾਮਸਟਾਊਨ ਹਲਕੇ ਤੋਂ ਲਿਬਰਲ ਪਾਰਟੀ ਵੱਲੋਂ ਲਗਾਤਾਰ ਦੂਜੀ ਵਾਰ ਚੋਣ ਲੜ ਰਹੇ ਹਨ ਉਨਾਂ ਦਾ ਮੁਕਾਬਲਾ ਲੇਬਰ ਪਾਰਟੀ ਦੀ ਮੌਜੂਦਾ ਐਮਪੀ ਤੇ ਉਮੀਦਵਾਰ ਬਰਾਊਨਵਿਨ ਹਾਫ਼ਪੈਨੀ ਨਾਲ ਹੈ । ਹਾਲਾਂਕਿ ਇਹ ਸੀਟ ਪਿਛਲੇ ਕਈ ਸਾਲਾਂ ਤੋਂ ਲੇਬਰ ਪਾਰਟੀ ਦੇ ਖਾਤੇ ਵਿਚ ਜਾ ਰਹੀ ਹੈ ਪਰ ਇਸ ਵਾਰ ਗੁਰਦਾਵਰ ਸਿੰਘ ਦੀ ਸਥਿਤੀ ਬੇਹੱਦ ਮਜ਼ਬੂਤ ਹੋਣ ਕਾਰਨ ਇਥੋਂ ਲਿਬਰਲ ਪਾਰਟੀ ਦੇ ਜਿੱਤਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇੱਥੇ ਇਹ ਵੀ ਦੱਸ ਦੇਈਏ ਕਿ ਲਿਬਰਲ ਪਾਰਟੀ ਵੱਲੋਂ ਗੁਰਦਾਵਰ ਸਿੰਘ ਤੋਂ ਇਲਾਵਾ ਪੰਜਾਬੀ ਮੂਲ ਦੇ 3 ਹੋਰ ਉਮੀਦਵਾਰ ਵੀ ਮੈਦਾਨ ਵਿਚ ਉਤਾਰੇ ਹਨ। ਵਿਕਟੋਰੀਆ ਸਟੇਟ ਦੇ 88 ਹਲਕਿਆਂ ਲਈ 26 ਨਵੰਬਰ ਨੂੰ ਫਾਈਨਲ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਸ਼ਾਮ ਨੂੰ ਨਤੀਜੇ ਐਲਾਨੇ ਜਾਣਗੇ l

ਇਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਇਨ੍ਹਾਂ ਚੋਣਾਂ ਵਿਚ ਗੁਰਦਾਵਰ ਸਿੰਘ ਦੀ ਜਿੱਤ ਆਸਟ੍ਰੇਲੀਆ ਦੀ ਸਿਆਸਤ ਵਿੱਚ ਨਵਾਂ ਇਤਿਹਾਸ ਬਣਾਵੇਗੀ ਕਿਉਂਕਿ ਆਸਟਰੇਲੀਆ ਦੀ ਕਿਸੇ ਸੂਬਾ ਸਰਕਾਰ ਵਿਚ ਗੁਰਦਾਵਰ ਸਿੰਘ ਪਹਿਲੇ ਪਗੜੀਧਾਰੀ ਐਮਪੀ ਹੋਣਗੇ।