ਗੁਰਦਾਸਪੁਰ ਦੇ ਨੌਜਵਾਨ ਦੀ ਮਲੇਸ਼ੀਆ ‘ਚ ਹੋਈ ਮੌਤ; 2 ਬੱਚਿਆਂ ਦਾ ਪਿਤਾ ਸੀ ਅਨਿਲ

0
1775

ਗੁਰਦਾਸਪੁਰ, 18 ਅਕਤੂਬਰ | ਮਲੇਸ਼ੀਆ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੁਰਦਾਸਪੁਰ ਦੇ 1 ਨੌਜਵਾਨ ਦੀ ਮਲੇਸ਼ੀਆ ਵਿਚ ਮੌਤ ਹੋ ਗਈ। ਉਸ ਨੇ ਆਪਣੀ ਛੋਟੀ ਭੈਣ ਦੇ ਵਿਆਹ ਲਈ ਕੁਝ ਦਿਨਾਂ ‘ਚ ਪੰਜਾਬ ਆਉਣਾ ਸੀ। ਇਸ ਖਬਰ ਦਾ ਪਤਾ ਲੱਗਦਿਆਂ ਹੀ ਵਿਆਹ ਵਾਲੇ ਘਰ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਅਨਿਲ ਵਿਆਹਿਆ ਹੋਇਆ ਸੀ। ਘਰ ‘ਚ ਪਤਨੀ ਤੋਂ ਇਲਾਵਾ ਉਸ ਦੀਆਂ 2 ਬੇਟੀਆਂ ਅਤੇ ਮਾਤਾ-ਪਿਤਾ ਹਨ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਦੀ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।

ਉਸਦੇ ਪਿਤਾ ਜਨਕ ਸਿੰਘ ਨੇ ਦੱਸਿਆ ਕਿ ਅਨਿਲ ਪਿਛਲੇ 12 ਸਾਲਾਂ ਤੋਂ ਮਲੇਸ਼ੀਆ ਵਿਚ ਕੰਮ ਕਰ ਰਿਹਾ ਸੀ। ਹਾਲ ਹੀ ਵਿਚ ਉਹ 3 ਮਹੀਨੇ ਪਹਿਲਾਂ ਘਰ ਵਿਚ ਛੁੱਟੀ ਕੱਟ ਕੇ ਮਲੇਸ਼ੀਆ ਪਰਤਿਆ ਸੀ। ਉਸ ਦੀ ਛੋਟੀ ਭੈਣ ਦਾ ਵਿਆਹ ਰੱਖਿਆ ਹੋਇਆ ਹੈ, ਜਿਸ ਲਈ ਉਸ ਨੂੰ ਹਫ਼ਤੇ ਬਾਅਦ ਮੁੜ ਘਰ ਆਉਣਾ ਸੀ।

ਇਸ ਦੌਰਾਨ ਮੰਗਲਵਾਰ ਨੂੰ ਅਚਾਨਕ ਉਸ ਦੇ ਸਾਥੀਆਂ ਦਾ ਫੋਨ ਆਇਆ ਕਿ ਅਨਿਲ ਦੀ ਮੌਤ ਹੋ ਗਈ ਹੈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਖ਼ਬਰ ਨਾਲ ਘਰ ਵਾਲਿਆਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।