ਗੁਰਦਾਸਪੁਰ : ਪਿਸਤੌਲ ਦੀ ਨੋਕ ‘ਤੇ ਅਣਪਛਾਤਿਆਂ ਨੇ ਖੋਹਿਆ ਟਰੈਕਟਰ, ਚਾਲਕ ਦੇ ਹੱਥ-ਪੈਰ ਬੰਨ੍ਹ ਕੇ ਹੋਏ ਫਰਾਰ

0
1684

ਗੁਰਦਾਸਪੁਰ/ਦੀਨਾਨਗਰ, 26 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਧਮਰਾਈ ਪਿੰਡ ਨੇੜੇ ਵਾਪਰੀ ਲੁੱਟ ਦੀ ਘਟਨਾ ਵਿਚ 5 ਕਾਰ ਸਵਾਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਇਕ ਟਰੈਕਟਰ ਚਾਲਕ ਕੋਲੋਂ ਉਸਦਾ ਟਰੈਕਟਰ ਖੋਹ ਲਿਆ ਤੇ ਜਾਂਦੇ ਹੋਏ ਚਾਲਕ ਨੂੰ ਵੀ ਉਸਦੇ ਹੱਥ-ਪੈਰ ਬੰਨ੍ਹ ਕੇ ਨਾਲ ਲੈ ਗਏ, ਜਿਸ ਨੂੰ ਕਾਫੀ ਦੂਰ ਜਾ ਕੇ ਇਕ ਖੰਭੇ ਨਾਲ ਬੰਨ੍ਹ ਕੇ ਛੱਡ ਦਿੱਤਾ ਗਿਆ ਅਤੇ ਲੁਟੇਰੇ ਫਰਾਰ ਹੋ ਗਏ।

ਵੇਖੋ ਵੀਡੀਓ  

https://www.facebook.com/punjabibulletin/videos/1151546316231675

ਪੀੜਤ ਰਣਧੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਚੱਕ ਅਲੀਆ ਥਾਣਾ ਦੀਨਾਨਗਰ ਨੇ ਦੱਸਿਆ ਕਿ ਉਹ ਵੀਆਰਵੀ ਕੰਪਨੀ ਲਈ ਪਰਾਲੀ ਦੀਆਂ ਗੱਠਾਂ ਦੀ ਢੋਆ-ਢੁਆਈ ਦਾ ਕੰਮ ਕਰਦਾ ਹੈ। ਦੇਰ ਰਾਤ ਉਹ ਨੌਸ਼ਹਿਰਾ ਮੱਝਾ ਸਿੰਘ ਖੇਤਰ ‘ਚੋਂ ਪਰਾਲੀ ਦੀਆਂ ਗੱਠਾਂ ਲੱਦ ਕੇ 10 ਵਜੇ ਦੇ ਕਰੀਬ ਟਰੈਕਟਰ-ਟਰਾਲੀ ਰਾਹੀਂ ਵੀਆਰਵੀ ਕੰਪਨੀ ਵੱਲ ਜਾ ਰਿਹਾ ਸੀ। ਇਸ ਦੌਰਾਨ ਧਮਰਾਈ ਪੁਲ ਦੇ ਨੇੜੇ ਪੁੱਜਣ ‘ਤੇ ਸਵਿਫਟ ਕਾਰ ‘ਚ ਸਵਾਰ ਹੋ ਕੇ ਆਏ 5 ਲੋਕਾਂ ਨੇ ਉਸਨੂੰ ਰੋਕ ਲਿਆ ਅਤੇ ਪਿਸਤੌਲ ਦੀ ਨੋਕ ‘ਤੇ ਉਸਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਕਾਰ ‘ਚ ਸੁੱਟ ਲਿਆ ਅਤੇ ਟਰੈਕਟਰ ਵਿਚ ਲੈ ਕੇ ਫਰਾਰ ਹੋ ਗਏ। ਰਣਧੀਰ ਸਿੰਘ ਨੇ ਦੱਸਿਆ ਕਿ ਉਕਤ ਲੁਟੇਰੇ ਉਸਨੂੰ ਕਾਰ ਰਾਹੀਂ ਮੁੜ ਨੌਸ਼ਹਿਰਾ ਮੱਝਾ ਸਿੰਘ ਖੇਤਰ ਵੱਲ ਲੈ ਗਏ ਅਤੇ ਤੜਕੇ ਤਿੰਨ ਵਜੇ ਖੇਤ ਵਿਚ ਲੱਗੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਗਏ।

ਉਸਨੇ ਬੜੀ ਮੁਸ਼ਕਿਲ ਨਾਲ ਆਪਣੇ-ਆਪ ਨੂੰ ਆਜ਼ਾਦ ਕਰਵਾਇਆ ਅਤੇ ਵਾਪਸ ਆ ਕੇ ਸਾਰੀ ਘਟਨਾ ਬਾਰੇ ਪੁਲਿਸ ਨੂੰ ਦੱਸਿਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਉਤੇ ਹਲਕਾ ਡੀਐਸਪੀ ਬਲਜੀਤ ਸਿੰਘ ਕਾਹਲੋਂ ਤੇ ਐੱਸਐੱਚਓ ਮਨਜੀਤ ਸਿੰਘ ਪੁਲਿਸ ਪਾਰਟੀਆਂ ਸਮੇਤ ਮੌਕੇ ਉਤੇ ਪਹੁੰਚ ਗਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।