ਗੁਰਦਾਸਪੁਰ : ਪਾਕਿ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਮੁੰਡੇ ਦਾ ਛਲਕਿਆ ਦਰਦ, ਦੱਸਿਆ- ਲਾਹੌਰ ਜੇਲ੍ਹ ‘ਚ ਬੰਦ ਕਈ ਨੌਜਵਾਨ ਪਾਗਲ ਹੋਣ ਕੰਢੇ

0
870

ਗੁਰਦਾਸਪੁਰ| ਭਾਰਤ-ਪਾਕਿਸਤਾਨ ਸਮਝੌਤੇ ਤਹਿਤ‌ ਪਾਕਿ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ 200 ਭਾਰਤੀ ਕੈਦੀ ਮਛੇਰਿਆਂ ਦੀ ਕੀਤੀ ਗਈ ਰਿਹਾਈ ਦੌਰਾਨ ਲਾਹੌਰ ਜੇਲ੍ਹ ਵਿਚੋਂ ਤਿੰਨ ਸਾਲ ਬਾਅਦ ਗੁਰਦਾਸਪੁਰ ਦਾ ਇਕ ਨੌਜਵਾਨ ਵੀ ਰਿਹਾਅ ਹੋ ਕੇ ਆਇਆ ਹੈ ਤੇ ਉਹ ਅਜੇ ਵੀ ਖੌਫ਼ ਵਿਚ ਹੈ। ਨੌਜਵਾਨ ਹਰਜਿੰਦਰ ਸਿੰਘ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ‌ ਅਧੀਨ ਆਉਂਦੇ ਪਿੰਡ ਕਾਮਲਪੁਰ ਦਾ ਰਹਿਣ ਵਾਲਾ ਹੈ।

ਪਿੰਡ ਪਹੁੰਚ ਕੇ ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਉਸ ਨੂੰ ਤਾਂ ਦੂਸਰਾ ਜਨਮ ਮਿਲ ਗਿਆ ਹੈ, ਪਰ ਪਾਕਿਸਤਾਨ ਦੀ ਲਾਹੌਰ ਵਿਚ ਉਸ ਨਾਲ ਰਹਿੰਦੇ 15 ਭਾਰਤੀਆਂ ਵਿਚੋਂ 5 ਨੌਜਵਾਨ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ ਤੇ ਆਪਣੇ ਵਤਨ ਵਾਪਸ ਆਉਣ ਲਈ ਤੜਪ ਰਹੇ ਹਨ। ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਹਰਜਿੰਦਰ ਸਿੰਘ ਦਾ ਪਰਿਵਾਰ ਪੁੱਤ ਨੂੰ ਦੇਖ ਕੇ ਬਹੁਤ ਖੁਸ਼ ਹੈ। 

ਪਾਕਿਸਤਾਨ ਦੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਨੌਜਵਾਨ ਹਰਜਿੰਦਰ ਸਿੰਘ ਨੇ ਅਪਣੀ ਦੁੱਖ ਭਰੀ ਦਾਸਤਾਨ ਦੱਸਦਿਆਂ ਕਿਹਾ ਕਿ ਉਹ 2020 ਦੇ ਮਈ ਮਹੀਨੇ ਨਸ਼ੇ ਦੀ ਹਾਲਤ ਵਿਚ ਕੌਮਾਂਤਰੀ ਸਰਹੱਦ ਰਾਹੀਂ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿਚ ਪ੍ਰਵੇਸ਼ ਕਰ ਗਿਆ ਸੀ ਅਤੇ ਇਸ ਦੌਰਾਨ ਉਸ ਨੂੰ ਪਾਕਿਸਤਾਨ ਦੇ ਰੇਂਜਰਾਂ ਵੱਲੋਂ ਫੜ ਲਿਆ‌ ਗਿਆ ਸੀ ਅਤੇ ਉਨ੍ਹਾਂ ਵੱਲੋਂ ਕਈ ਦਿਨ ਪੁੱਛ-ਪੜਤਾਲ ਤੇ ਮਾਰਕੁੱਟ ਕਰਨ ਤੋਂ ਬਾਅਦ ਪਾਕਿਸਤਾਨ ਦੇ ਸਿਆਲਕੋਟ ਦੀ ਗੋਰਾ ਜੇਲ੍ਹ ਜਿਸ ਨੂੰ ਅੰਗਰੇਜ਼ ਫੌਜ ਵੱਲੋਂ ਬਣਾਇਆ ਗਿਆ ਸੀ

ਉਸ ਦੇ ਤਹਿਖ਼ਾਨੇ ਵਿਚ ਸੁੱਟ ਦਿੱਤਾ ਗਿਆ ਸੀ, ਜਿੱਥੇ ਦੋ ਮਹੀਨੇ ਜਿਸਮਾਨੀ ਤੇ ਮਾਨਸਿਕ ਤੌਰ ਤੇ ਤਸੀਹੇ ਦਿੱਤੇ ਗਏ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਲਗਾਤਾਰ ਦਿਨ-ਰਾਤ 10 12 ਘੰਟੇ ਖੜ੍ਹਾ ਰੱਖਿਆ ਜਾਂਦਾ ਸੀ, ਕੁੱਝ ਪਲ ਬਿਠਾਉਣ ਤੋਂ ਬਾਅਦ‌ ਦੋ ਮਹੀਨੇ ਹਨੇਰ ਭਰੀ ਕੋਠੜੀ ਵਿਚ ਬੰਦ ਰੱਖਿਆ ਗਿਆ।

ਇਸ ਉਪਰੰਤ ਉਸ ਨੂੰ ਸਿਆਲਕੋਟ ਦੇ ਗੁਜਰਾਂਵਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਦੋ-ਦੋ ਹਫ਼ਤਿਆਂ ਬਾਅਦ ਅਦਾਲਤ ਦੀਆਂ ਤਰੀਕਾਂ ਪੈਂਦੀਆਂ ਰਹੀਆਂ ਹਨ‌। ਉਪਰੰਤ ਅਦਾਲਤ ਨੇ ਇੱਕ ਮਹੀਨਾ 25 ਦਿਨ ਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ ਪਰ ਆਖ਼ਰਕਾਰ ਹੁਣ ਉਸ ਦੀ ਘਰ ਵਾਪਸੀ ਹੋ ਗਈ ਹੈ, ਜਿਸ ਤੇ ਉਸ ਦੇ ਪਰਿਵਾਰ ਨੇ ਸਰਕਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਨੌਜਵਾਨ ਅਜੇ ਵੀ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ ਹਨ ਉਨ੍ਹਾਂ ਨੂੰ ਵੀ ਰਿਹਾਅ ਕਰਵਾਇਆ ਜਾਵੇ।