ਗੁਰਦਾਸਪੁਰ : ਚੋਰੀ ਕੇਸ ‘ਚ ਸ਼ੱਕ ਦੇ ਅਧਾਰ ‘ਤੇ ਚੁੱਕੀ ਕੁੜੀ ਦਾ ਦੋਸ਼- ਪੁਲਿਸ ਨੇ ਕੀਤਾ ਅਣਮਨੁੱਖੀ ਤਸ਼ੱਦਦ, ਛਾਤੀ ਨੂੰ ਲਾਇਆ ਕਰੰਟ

0
1034

ਗੁਰਦਾਸਪੁਰ| ਜ਼ਿਲ੍ਹੇ ਵਿੱਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਨ੍ਹਾਂ ਨੇ ਵੱਡੇ ਅਧਿਕਾਰੀਆਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਹਾਲ ਹੀ ‘ਚ ਗੁਰਦਾਸਪੁਰ ‘ਚ ਇਕ ਨਿਆਇਕ ਅਧਿਕਾਰੀ ਦੇ ਘਰੋਂ 22 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਥਾਣਾ ਸਿਟੀ ਪੁਲਿਸ ਨੇ ਆਪਣੀ ਇੱਜ਼ਤ ਬਚਾਉਣ ਲਈ ਉਕਤ ਅਧਿਕਾਰੀ ਦੇ ਘਰ ਕੰਮ ਕਰਨ ਵਾਲੀ 23 ਸਾਲਾ ਲੜਕੀ ਨੂੰ ਸ਼ੱਕ ਦੇ ਅਧਾਰ ‘ਤੇ ਹਿਰਾਸਤ ਵਿੱਚ ਲੈ ਲਿਆ।

ਇਸ ਦੇ ਨਾਲ ਹੀ ਲੜਕੀ ਨੇ ਦੋਸ਼ ਲਗਾਇਆ ਹੈ ਕਿ ਥਾਣਾ ਇੰਚਾਰਜ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਦੋ ਦਿਨ ਤੱਕ ਗੈਰ-ਕਾਨੂੰਨੀ ਤੌਰ ‘ਤੇ ਸਰਕਾਰੀ ਕੁਆਰਟਰ ਵਿਚ ਰੱਖਿਆ ਅਤੇ ਉਸ ‘ਤੇ ਅਣਮਨੁੱਖੀ ਤਸ਼ੱਦਦ ਕੀਤਾ। ਸਿਵਲ ਹਸਪਤਾਲ ਵਿੱਚ ਦਾਖ਼ਲ ਪੀੜਤ ਲੜਕੀ ਨੇ ਦੱਸਿਆ ਕਿ ਉਹ ਉਕਤ ਨਿਆਇਕ ਅਧਿਕਾਰੀ ਦੇ ਘਰ ਸਫ਼ਾਈ ਦਾ ਕੰਮ ਕਰਦੀ ਹੈ। ਅਧਿਕਾਰੀ ਦੇ ਘਰ ਚੋਰੀ ਦੇ ਸ਼ੱਕ ‘ਚ ਥਾਣਾ ਸਿਟੀ ਪੁਲਸ ਨੇ ਸ਼ਨੀਵਾਰ ਸਵੇਰੇ 11 ਵਜੇ ਉਸ ਨੂੰ ਘਰੋਂ ਚੁੱਕ ਲਿਆ। ਪੁਲਿਸ ਨੇ ਉਸ ਦੇ ਘਰ ਦੀ ਵੀ ਪੂਰੀ ਤਲਾਸ਼ੀ ਲਈ ਪਰ ਕੁਝ ਵੀ ਬਰਾਮਦ ਨਹੀਂ ਹੋਇਆ।

ਉੱਥੇ ਉਸ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਛਾਤੀ ’ਤੇ ਬਿਜਲੀ ਦਾ ਕਰੰਟ ਲਗਾਇਆ ਗਿਆ ਹੈ। ਉਸ ਨੂੰ ਦੋ ਦਿਨ ਸਰਕਾਰੀ ਕੁਆਰਟਰਾਂ ਵਿੱਚ ਰੱਖਿਆ ਅਤੇ ਤਸ਼ੱਦਦ ਕੀਤਾ ਗਿਆ ਅਤੇ ਐਤਵਾਰ ਰਾਤ ਕਰੀਬ 11 ਵਜੇ ਉਸ ਦੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਨੂੰ ਬੁਲਾ ਕੇ ਘਰ ਭੇਜ ਦਿੱਤਾ ਗਿਆ।

ਜਿਸ ਤੋਂ ਬਾਅਦ ਮਾਮਲਾ ਕਿਸਾਨ ਜਥੇਬੰਦੀ ਦੇ ਧਿਆਨ ਵਿੱਚ ਆਇਆ ਅਤੇ ਉਨ੍ਹਾਂ ਨੇ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਕਿਸਾਨ ਜਥੇਬੰਦੀਆਂ ਨੇ ਬੱਚੀ ‘ਤੇ ਅਣਮਨੁੱਖੀ ਅੱਤਿਆਚਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਇਨਸਾਫ਼ ਨਾ ਮਿਲਣ ‘ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ |