ਬੰਗਾ ਨੇੜੇ ਹੋਏ ਹਾਦਸੇ ‘ਚ ਗੁਰਦਾਸਪੁਰ ਦੇ ਪਤੀ-ਪਤਨੀ ਤੇ ਬੇਟੇ ਦੀ ਦਰਦਨਾਕ ਮੌਤ, ਘਟਨਾ ਸੀਸੀਟੀਵੀ ‘ਚ ਕੈਦ

0
4270

ਗੁਰਦਾਸਪੁਰ। ਬੀਤੇ ਕੱਲ੍ਹ ਬੰਗਾ ਨਜ਼ਦੀਕ ਹੋਏ ਭਿਆਨਕ ਹਾਦਸੇ ਵਿੱਚ ਜਿਲਾ ਗੁਰਦਾਸਪੁਰ ਦੇ ਪਿੰਡ ਚੀਮਾ ਖੁਡੀ ਦੇ ਰਹਿਣ ਵਾਲੇ ਪਤੀ ਪਤਨੀ ਅਤੇ ਬੇਟੇ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦੀ ਇਤਲਾਹ ਮਿਲਣ ਤੋਂ ਬਾਅਦ ਪਿੰਡ ਅੰਦਰ ਗਮਗੀਨ ਮਾਹੌਲ ਬਣਿਆ ਹੋਇਆ ਹੈ। ਹਰ ਇਕ ਅੱਖ ਨਮ ਨਜਰ ਆ ਰਹੀ ਹੈ । ਇਹ ਸਾਰੀ ਦੁਰਘਟਨਾ ਸੜਕ ਕਿਨਾਰੇ ਲੱਗੇ ਸੀਸੀਟੀ ਵਿਚ ਵੀ ਕੈਦ ਹੋ ਗਈ। ਦੁਰਘਟਨਾ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਰੌਂਗਟੇ ਖੜੇ ਹੋ ਜਾਂਦੇ ਹਨ।

ਦੁਰਘਟਨਾ ਬਾਰੇ ਦੱਸਦੇ ਹੋਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਇਕਬਾਲ ਸਿੰਘ (46) ਆਪਣੀ ਪਤਨੀ ਰਮਨਦੀਪ ਕੌਰ (40) ਅਤੇ ਬੇਟੇ ਜਸਨੀਤ ਸਿੰਘ (17) ਨਾਲ ਆਪਣੀ ਗੱਡੀ ਵਿਚ ਸਵਾਰ ਹੋ ਕੇ ਆਪਣੀ ਬੇਟੀ ਨੂੰ ਉਸਦੇ ਕਾਲਜ ਛੱਡਣ ਗਏ ਸੀ।

ਬੇਟੀ ਨੂੰ ਕਾਲਜ ਛੱਡ ਕੇ ਪਤੀ-ਪਤਨੀ ਅਤੇ ਬੇਟਾ ਜਦੋਂ ਵਾਪਸ ਆ ਰਹੇ ਸੀ ਤਾਂ ਬੰਗਾ ਨਜ਼ਦੀਕ ਹਾਈਵੇ ‘ਤੇ ਇਕ ਟਰਾਲਾ ਜਿਸ ਵਿੱਚ ਮਿੱਟੀ ਅਤੇ ਗਟਕਾ ਲੋਡ ਕੀਤਾ ਹੋਇਆ ਸੀ, ਇਨ੍ਹਾਂ ਦੀ ਗੱਡੀ ਨਾਲ ਟਕਰਾਉਂਦਾ ਹੋਇਆ ਗੱਡੀ ਉਤੇ ਹੀ ਪਲਟ ਗਿਆ।

ਇਸ ਦੁਰਘਟਨਾ ਵਿੱਚ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸਦੀ ਸੂਚਨਾ ਪਿੱਛੇ ਪਰਿਵਾਰ ਨੂੰ ਸੰਬੰਧਿਤ ਥਾਣੇ ਦੇ ਪੁਲਿਸ ਅਧਿਕਾਰੀ ਵਲੋਂ ਦਿੱਤੀ ਗਈ।