ਗੁਰਦਾਸ ਮਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ

0
750

ਜਲੰਧਰ | ਪੰਜਾਬੀ ਗਾਇਕ ਗੁਰਦਾਸ ਮਾਨ ‘ਤੇ ਸਿੱਖ ਜਥੇਬੰਦੀਆਂ ਵੱਲੋਂ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਅੱਜ ਜਲੰਧਰ ਸੈਸ਼ਨ ਕੋਰਟ ਵਿੱਚ ਐਡੀਸ਼ਨਲ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ‘ਚ ਚੱਲੀ ਸੁਣਵਾਈ ਦੌਰਾਨ ਅਦਾਲਤ ਨੇ ਗੁਰਦਾਸ ਮਾਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ।

ਇਸ ਸਬੰਧੀ ਸਿੱਖ ਜਥੇਬੰਦੀਆਂ ਦੇ ਵਕੀਲ ਪਰਮਿੰਦਰ ਸਿੰਘ ਢੀਂਗਰਾ ਵੱਲੋਂ ਜ਼ਮਾਨਤ ਦੀ ਅਪੀਲ ਖਾਰਿਜ ਕਰਵਾਉਣ ਵਾਸਤੇ ਅਰਜ਼ੀ ਦਿੱਤੀ ਗਈ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਗੁਰਦਾਸ ਮਾਨ ਨੂੰ ਜ਼ਮਾਨਤ ਦੇਣ ‘ਤੇ ਪੰਜਾਬ ਦਾ ਮਾਹੌਲ ਵਿਗੜ ਸਕਦਾ ਹੈ, ਇਸ ਲਈ ਮਾਨ ਨੂੰ ਜੇਲ੍ਹ ਭੇਜਿਆ ਜਾਵੇ।

ਜ਼ਿਕਰਯੋਗ ਹੈ ਕਿ ਵਿਵਾਦਾਂ ‘ਚ ਰਹਿਣ ਵਾਲੇ ਗਾਇਕ ਗੁਰਦਾਸ ਮਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਸੀ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਡੇਰਾ ਨਕੋਦਰ ਦੇ ਮੁਖੀ ਸਾਈਂ ਲਾਡੀ ਸ਼ਾਹ ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਦੀ ਅੰਸ਼-ਵੰਸ਼ ‘ਚੋਂ ਹਨ। ਇਸ ਵੀਡੀਓ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਦਾ ਵੱਡੇ ਪੱਧਰ ‘ਤੇ ਵਿਰੋਧ ਕੀਤਾ ਗਿਆ ਸੀ।

ਇਸ ਤੋਂ ਬਾਅਦ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਮਾਫੀ ਮੰਗ ਲਈ ਸੀ ਪਰ ਦੂਜੇ ਪਾਸੇ ਜਲੰਧਰ ਦੇ ਐੱਸਐੱਸਪੀ ਦਫਤਰ ਅੱਗੇ ਧਰਨਾ ਲਾ ਕੇ ਬੈਠੇ ਸਿੱਖ ਸੰਗਠਨਾਂ ਨੇ ਕਿਹਾ ਸੀ ਕਿ ਜਿੰਨਾ ਚਿਰ ਗੁਰਦਾਸ ਮਾਨ ‘ਤੇ ਪਰਚਾ ਦਰਜ ਨਹੀਂ ਹੋ ਜਾਂਦਾ, ਉਹ ਧਰਨਾ ਨਹੀਂ ਚੁੱਕਣਗੇ। ਇਸ ਤੋਂ ਬਾਅਦ ਗੁਰਦਾਸ ਮਾਨ ਉਪਰ ਥਾਣਾ ਨਕੋਦਰ ਸ਼ਹਿਰ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।