ਚੰਡੀਗੜ੍ਹ। ਅੱਤਵਾਦ ਦੇ ਬਾਅਦ ਗੈਂਗਸਟਰਵਾਦ ਨਾਲ ਜੂਝ ਰਹੇ ਪੰਜਾਬ ਦਾ ਗਨ ਕਲਚਰ ਫਿਰ ਚਰਚਾ ਵਿਚ ਹੈ। ਨਾਜਾਇਜ਼ ਦੇ ਨਾਲ-ਨਾਲ ਲਾਇਸੰਸੀ ਹਥਿਆਰ ਪੁਲਿਸ ਲਈ ਸਿਰਦਰਦੀ ਬਣ ਗਏ ਹਨ। ਪਿਛਲੇ ਦਿਨੀਂ ਸ਼ਿਵ ਸੈਨਾ ਨੇਤਾ ਦੀ ਦਿਨ-ਦਿਹਾੜੇ ਹੋਈ ਹੱਤਿਆ ਵਿਚ ਲਾਇਸੰਸੀ ਹਥਿਆਰਾਂ ਦਾ ਇਸਤੇਮਾਲ ਹੋਇਆ ਸੀ। ਲਾਇਸੰਸੀ ਹਥਿਆਰਾਂ ਦੇ ਮਾਮਲੇ ਵਿਚ ਯੂਪੀ ਤੇ ਜੰਮੂ-ਕਸ਼ਮੀਰ ਦੇ ਬਾਅਦ ਤੀਜਾ ਨੰਬਰ ਪੰਜਾਬ ਦਾ ਆਉਂਦਾ ਹੈ। ਇਥੇ ਲੋਕਾਂ ਕੋਲ ਸਭ ਤੋਂ ਜ਼਼ਿਆਦਾ ਬੰਦੂਕਾਂ ਹਨ। ਸੂਬੇ ਵਿਚ ਲਗਭਗ 55 ਲੱਖ ਪਰਿਵਾਰ ਹਨ ਤੇ ਲਗਭਗ 4 ਲੱਖ ਲਾਇਸੰਸੀ ਹਥਿਆਰ ਹਨ। ਇਸ ਹਿਸਾਬ ਨਾਲ ਹਰ 14ਵੇਂ ਪਰਿਵਾਰ ਕੋਲ ਹਥਿਆਰ ਹਨ।
ਲੋਕ ਹਥਿਆਰਾਂ ਦੇ ਇੰਨੇ ਸ਼ੌਕੀਨ ਹਨ ਕਿ ਉਨ੍ਹਾਂ ਕੋਲ ਫੁਲੀ ਆਟੋਮੈਟਿਕ ਤੋਂ ਲੈ ਕੇ ਬੁਲਗਾਰੀਆ ਤੇ ਅਮਰੀਕਾ ਵਿਚ ਬਣੀਆਂ ਮੈਗਨਮ ਵਰਗੀਆਂ ਪਿਸਤੌਲਾਂ ਹਨ। ਪੰਜਾਬ ਦੇ ਅੰਮ੍ਰਿਤਸਰ, ਬਠਿੰਡਾ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਤੇ ਮੁਕਤਸਰ ਜ਼ਿਲ੍ਹਿਆਂ ਵਿਚ 42 ਫੀਸਦੀ ਤੋਂ ਜ਼ਿਆਦਾ ਬੰਦੂਕਾਂ ਦੇ ਲਾਇਸੰਸ ਹਨ। ਜਦੋਂਕਿ ਬਾਕੀ 58 ਫੀਸਦੀ ਪੂਰੇ ਪੰਜਾਬ ਵਿਚ ਹਨ। ਸਿਰਫ ਬਠਿੰਡਾ ਵਿਚ ਹੀ 25 ਹਜ਼ਾਰ ਤੋਂ ਜ਼ਿਆਦਾ ਲਾਇਸੰਸੀ ਹਥਿਆਰ ਹਨ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਵਿਚ ਆਮ ਲੋਕਾਂ ਕੋਲ ਹਥਿਆਰਾਂ ਦੀ ਗਿਣਤੀ ਲਗਭਗ 10 ਲੱਖ ਤੋਂ ਜ਼ਿਆਦਾ ਹੈ। ਕਈ ਅਸਲਾ ਧਾਰਕਾਂ ਨੇ ਇਕ ਲਾਇਸੰਸ ਉੇਤੇ ਤਿੰਨ-ਤਿੰਨ ਹਥਿਆਰ ਲੈ ਰੱਖੇ ਹਨ।
ਦੋ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਇਕ ਲਾਇਸੰਸ ਉਤੇ ਦੋ ਹਥਿਆਰ ਹੀ ਲਏ ਜਾਣ ਦਾ ਹੁਕਮ ਦਿੱਤਾ ਸੀ। ਬਾਅਦ ਵਿਚ ਹਥਿਆਰਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਉਤੇ ਟਰਾਂਸਫਰ ਕੀਤੇ ਜਾਣ ਦਾ ਹੜ੍ਹ ਜਿਹਾ ਆ ਗਿਆ। ਨਤੀਜਾ ਇਹ ਹੈ ਕਿ ਪੰਜਾਬ ਵਿਚ 30 ਹਜ਼ਾਰ ਤੋਂ ਜ਼ਿਆਦਾ ਹਥਿਆਰ ਮਹਿਲਾਵਾਂ ਦੇ ਨਾਂ ਉਤੇ ਹਨ। ਅੱਤਵਾਦ ਦੇ ਦੌਰ ਤੋਂ ਪੰਜਾਬ ਵਿਚ ਹਥਿਆਰ ਰੱਖਣ ਦਾ ਚਲਨ ਵਧਿਆ ਹੈ। ਇਸਦੇ ਬਾਅਦ ਗੈਂਗਵਾਰ ਤੇ ਕੁਝ ਪੰਜਾਬੀ ਗਾਇਕਾਂ ਨੇ ਗਨ ਕਲਚਰ ਨੂੰ ਹੁੰਗਾਰਾ ਦਿੱਤਾ ਹੈ।
ਸਟੇਟਸ ਸਿੰਬਲ ਦਾ ਇਸਤੇਮਾਲ ਵਿਆਹਾਂ ਵਿਚ ਜੰਮ ਕੇ
ਬਠਿੰਡਾ ਦੀ ਮੌੜ ਮੰਡੀ ਵਿਚ ਵਿਆਹ ਸਮਾਗਮ ਵਿਚ ਗੋਲ਼ੀ ਚਲਾਉਣ ਨਾਲ ਹੋਈ ਘਟਨਾ ਵਿਚ ਡਾਂਸਰ ਦੀ ਮੌਤ ਹੋ ਗਈ ਸੀ। ਹੁਸ਼ਿਆਰਪੁਰ ਵਿਚ ਵਿਆਹ ਸਮਾਗਮ ਦੌਰਾਨ ਗੋਲ਼ੀ ਲੱਗਣ ਨਾਲ ਲਾੜਾ ਤੇ ਉਸਦਾ ਦੋਸਤ ਗੰਭੀਰ ਜ਼ਖਮੀ ਹੋ ਗਏ ਸਨ। ਇਸਦੇ ਇਲਾਵਾ ਅੰਮ੍ਰਿਤਸਰ ਵਿਚ ਵੀ ਇਕ ਤਿੰਨ ਸਾਲਾ ਬੱਚੀ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਸੀ। ਜਲੰਧਰ ਵਿਚ ਕਾਂਗਰਸੀ ਨੇਤਾ ਬਲਵੰਤ ਸਿੰਘ ਸ਼ੇਰਗਿਲ ਵੀ ਲਾਇਸੰਸ ਹਥਿਆਰ ਕਾਰਨ ਜਾਨ ਗੁਆ ਚੁੱਕੇ ਹਨ।