ਅੰਮ੍ਰਿਤਪਾਲ ਸਿੰਘ ਦੇ 2 ਬਾਡੀਗਾਰਡਜ਼ ’ਤੇ ਸਰਕਾਰ ਦੀ ਵੱਡੀ ਕਾਰਵਾਈ, ਅਸਲਾ ਲਾਇਸੈਂਸ ਕੀਤੇ ਰੱਦ

0
293

ਚੰਡੀਗੜ੍ਹ | ਪੰਜਾਬ ਸਰਕਾਰ ਤੋਂ ਬਾਅਦ ਹੁਣ ਜੰਮੂ-ਕਸ਼ਮੀਰ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਜੰਮੂ-ਕਸ਼ਮੀਰ ਸਰਕਾਰ ਨੇ ਅੰਮ੍ਰਿਤਪਾਲ ਦੇ 2 ਬਾਡੀਗਾਰਡ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ। ਜੰਮੂ-ਕਸ਼ਮੀਰ ਦੇ ਰਾਮਬਨ ਅਤੇ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਬਾਡੀਗਾਰਡ ਨੂੰ ਜਾਰੀ ਕੀਤੇ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।

ਵੀਰਵਾਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ ਸੋਸ਼ਲ ਮੀਡੀਆ ਹੈਂਡਲਰ ਗੁਰਿੰਦਰ ਸਿੰਘ ਨੂੰ ਹਿਰਾਸਤ ਵਿਚ ਲਿਆ ਸੀ। ਉਹ ਲੰਡਨ ਜਾਣ ਲਈ ਅੰਮ੍ਰਿਤਸਰ ਏਅਰ ਪੋਰਟ ਪਹੁੰਚਿਆ ਸੀ। ਜ਼ਿਕਰਯੋਗ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਉਨ੍ਹਾਂ 10 ਸਾਥੀਆਂ ਦੀ ਪਛਾਣ ਕੀਤੀ ਸੀ, ਜੋ ਉਸ ਨਾਲ 24 ਘੰਟੇ ਹਥਿਆਰਾਂ ਨਾਲ ਲੈਸ ਰਹਿੰਦੇ ਹਨ।

ਇਨ੍ਹਾਂ ਵਿਚ 19 ਸਿੱਖ ਰੈਜੀਮੈਂਟ ਦੇ ਸੇਵਾਮੁਕਤ ਸਿਪਾਹੀ ਵਰਿੰਦਰ ਸਿੰਘ ਅਤੇ 23 ਆਰਮਡ ਪੰਜਾਬ ਤੋਂ ਸੇਵਾਮੁਕਤ ਸਿਪਾਹੀ ਤਲਵਿੰਦਰ ਸਿੰਘ ਦੇ ਨਾਂਅ ਸ਼ਾਮਲ ਹਨ। ਇਸ ਤੋਂ ਪਹਿਲਾਂ ਵਰਿੰਦਰ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤਪਾਲ ਦੀ ਸੁਰੱਖਿਆ ਵਿਚ ਤਾਇਨਾਤ ਤਲਵਿੰਦਰ ਸਿੰਘ (ਤਰਨਤਾਰਨ) ਦਾ ਲਾਇਸੈਂਸ ਰਾਮਬਨ (ਜੰਮੂ ਕਸ਼ਮੀਰ) ਤੋਂ ਬਣਿਆ ਹੈ। ਜਦਕਿ ਵਰਿੰਦਰ ਸਿੰਘ ਤਰਨਤਾਰਨ ਦਾ ਲਾਇਸੈਂਸ ਕਿਸ਼ਤਵਾੜ (ਜੰਮੂ-ਕਸ਼ਮੀਰ) ਤੋਂ ਬਣਿਆ ਹੈ।

ਵੇਖੋ ਵੀਡੀਓ