ਨਵੀਂ ਦਿੱਲੀ | ਕੇਂਦਰ ਸਰਕਾਰ ਅਗਲੇ ਪੈਕੇਜ ਵਿੱਚ ਰੁਜ਼ਗਾਰ ਲਈ ਪੀਐਫ ਸਬਸਿਡੀ ਦਾ ਐਲਾਨ ਕਰ ਸਕਦੀ ਹੈ। ਇਹ ਸਬਸਿਡੀ ਕਰਮਚਾਰੀ ਅਤੇ ਰੁਜ਼ਗਾਰ ਦੇਣ ਵਾਲੀਆਂ ਕੰਪਨੀਆਂ ਦੋਵਾਂ ਲਈ 10 ਫੀਸਦੀ ਪੀਐਫ ਦੇ ਰੂਪ ਵਿੱਚ ਹੋ ਸਕਦੀ ਹੈ। ਦੱਸ ਦਈਏ ਕਿ 31 ਮਾਰਚ ਨੂੰ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ (Pradhan Mantri Rojgar Protsahan Yojana) ਨੂੰ ਬੰਦ ਕਰ ਦਿੱਤੀ ਗਈ ਸੀ, ਪਰ ਹੁਣ ਸਰਕਾਰ ਇਸ ਯੋਜਨਾ ਨੂੰ ਇਕ ਵਾਰ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਮਨੀ ਕੰਟਰੋਲ ਦੀ ਖ਼ਬਰਾਂ ਅਨੁਸਾਰ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ ਦੇ ਨਵੇਂ ਸੰਸਕਰਣ ਦੇ ਤਹਿਤ ਸਰਕਾਰ ਅਗਲੇ ਦੋ ਸਾਲਾਂ ਲਈ ਨਵੀਆਂ ਨੌਕਰੀਆਂ ਲਈ ਸਬਸਿਡੀ ਦੇਣ ਦਾ ਐਲਾਨ ਕਰ ਸਕਦੀ ਹੈ।
ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਦੇ ਤਹਿਤ, ਸਰਕਾਰ ਨਵੇਂ ਕਰਮਚਾਰੀਆਂ ਨੂੰ 3 ਸਾਲਾਂ ਲਈ ਈਪੀਐਫ ਅਤੇ ਈਪੀਐਸ ਵਿਚ 12 ਪ੍ਰਤੀਸ਼ਤ ਯੋਗਦਾਨ ਪਾਉਂਦੀ ਹੈ। ਦੱਸ ਦਈਏ ਕਿ ਇਸ ਸਕੀਮ ਦਾ ਲਾਭ ਉਨ੍ਹਾਂ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਜਿਹੜੇ ਈਪੀਐਫਓ ਤਹਿਤ 1 ਅਪ੍ਰੈਲ, 2016 ਤੱਕ ਰਜਿਸਟਰਡ ਹਨ ਅਤੇ ਜਿਨ੍ਹਾਂ ਦੀ ਤਨਖਾਹ 15,000 ਰੁਪਏ ਪ੍ਰਤੀ ਮਹੀਨਾ ਹੈ।
ਮਨੀ ਕੰਟਰੋਲ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਲੇਬਰ ਮੰਤਰਾਲੇ ਨੇ ਪ੍ਰਸਤਾਵ ਨੂੰ ਅੰਤਮ ਰੂਪ ਦੇ ਦਿੱਤਾ ਹੈ ਅਤੇ ਸਰਕਾਰ ਅਗਲੇ ਰਾਹਤ ਪੈਕੇਜ ਵਿੱਚ ਇਸ ਯੋਜਨਾ ਦਾ ਐਲਾਨ ਕਰ ਸਕਦੀ ਹੈ। ਦੱਸ ਦਈਏ ਕਿ ਅਗਲੇ ਦੋ ਸਾਲਾਂ ਲਈ ਸਰਕਾਰ ਸਬਸਿਡੀ ਦੇਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਇਸ ਯੋਜਨਾ ਨੂੰ ਸ਼ੁਰੂ ਕਰਨ ਵਿੱਚ 6-7 ਮਹੀਨੇ ਲੱਗ ਸਕਦੇ ਹਨ।